ਰੋਪੜ-ਬਲਾਚੌਰ ਨੈਸ਼ਨਲ ਹਾਈਵੇਅ ’ਤੇ ਨੇੜੇ ਪਿੰਡ ਟੌਂਸਾ ਕੋਲ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਖੜ੍ਹੇ ਟਰੱਕ ਦੇ ਪਿੱਛੋਂ ਮੋਟਰਸਾਈਕਲ ਟਕਰਾ ਗਿਆ। ਹਾਦਸੇ ਵਿਚ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਜੈਮਲ ਉਰਫ਼ ਜੰਮੂ ਪੁੱਤਰ ਧਰਮ ਪਾਲ (32 ਸਾਲ) ਤੇ ਪ੍ਰੀਤੋ ਦੇਵੀ ਵਜੋਂ ਹੋਈ ਹੈ। ਮ੍ਰਿਤਕ ਪਿੰਡ ਡਾਲੋ ਮਾਜਰਾ ਬਾਜ਼ੀਗਰ ਬਸਤੀ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਸਨ।

    ਸਮਾਜ ਸੇਵੀ ਸੁਰਿੰਦਰ ਸ਼ਿੰਦਾ ਪ੍ਰਧਾਨ ਰੈਲਮਾਜਰਾ ਨੇ ਦੱਸਿਆ ਕਿ ਜੈਮਲ ਆਪਣੀ ਪਤਨੀ ਪ੍ਰੀਤੋ ਦੇਵੀ ਨਾਲ ਰੈਲਮਾਜਰਾ ਤੋਂ ਹੈਡੋਂ ਬੇਟ ਕਿਸੇ ਪ੍ਰੋਗਰਾਮ ਵਿਚ ਗਏ ਸਨ। ਪਤੀ-ਪਤਨੀ ਹੈਡੋਂ ਬੇਟ ਤੋਂ ਵਾਪਸ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਰੈਲਮਾਜਰਾ ਲਈ ਰਵਾਨਾ ਹੋਏ। ਜਦੋਂ ਇਹ ਦਾਣਾ ਮੰਡੀ ਟੌਂਸਾ ਦੇ ਕੱਟ ਨਜ਼ਦੀਕ ਪਹੁੰਚੇ ਤਾਂ ਨੈਸ਼ਨਲ ਹਾਈਵੇਅ ’ਤੇ ਇਕ ਟਰੱਕ ਖੜ੍ਹਾ ਸੀ।

    ਜਦੋਂ ਮੋਟਰਸਾਈਕਲ ਉਕਤ ਸਥਾਨ ’ਤੇ ਪਹੁੰਚਿਆ ਤਾਂ ਮੋਟਰਸਾਈਕਲ ਟਰੱਕ ਦੇ ਪਿੱਛੇ ਪਾਸੇ ਜਾ ਟਕਰਾਇਆ ਅਤੇ ਮੋਟਰਸਾਈਕਲ ’ਤੇ ਸਵਾਰ ਪਤੀ-ਪਤਨੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਸ ਹਾਦਸੇ ਦੀ ਖ਼ਬਰ ਲੜਕੀ ਦੇ ਭਰਾ ਨੂੰ ਰੈਲਮਾਜਰਾ ਵਿਖੇ ਮਿਲੀ ਤਾਂ ਉਹ ਮੌਕੇ ’ਤੇ ਪਹੁੰਚ ਗਏ। ਉਸ ਨੇ ਉਨ੍ਹਾਂ ਨੂੰ ਇਲਾਜ ਲਈ ਰੋਪੜ ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ। ਜਿਥੇ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

    ਸੂਚਨਾ ਮਿਲਦੇ ਹੀ ਐਸ.ਐਸ.ਐਫ. ਦੀ ਟੀਮ ਦੇ ਇੰਚਾਰਜ ਏ.ਐਸ.ਆਈ. ਪ੍ਰਵੀਨ ਕੁਮਾਰ ਅਤੇ ਚੌਕੀ ਆਸਰੋਂ ਦੇ ਇੰਚਾਰਜ ਏ.ਐਸ.ਆਈ. ਗੁਰਬਖਸ਼ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਗਏ ਅਤੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।