ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਅੱਜ ਇੱਕ ਡੰਪਰ ਟਰੱਕ ਬੇਕਾਬੂ ਹੋ ਕੇ ਕਾਰ ‘ਤੇ ਪਲਟ ਗਿਆ। ਇਸ ਹਾਦਸੇ ਵਿਚ ਇਕ ਬੱਚੇ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਡੰਪਰ ਬੱਜਰੀ ਨਾਲ ਲੱਦਿਆ ਹੋਇਆ ਸੀ। ਤੇਜ਼ ਰਫ਼ਤਾਰ ਕਾਰਨ, ਡੰਪਰ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਨਾਲ ਜਾ ਰਹੀ ਇੱਕ ਕਾਰ ‘ਤੇ ਪਲਟ ਗਿਆ। ਡੰਪਰ ‘ਤੇ ਲੱਦੀ ਬੱਜਰੀ ਵੀ ਕਾਰ ‘ਤੇ ਡਿੱਗ ਪਈ। ਪੂਰੀ ਕਾਰ ਡੰਪਰ ਅਤੇ ਬੱਜਰੀ ਹੇਠ ਦੱਬ ਗਈ। 5 ਫੁੱਟ ਲੰਬੀ ਕਾਰ ਵਿੱਚ ਸਿਰਫ਼ 2 ਫੁੱਟ ਮਲਬਾ ਬਚਿਆ ਸੀ। ਤਿੰਨ ਕਰੇਨਾਂ ਦੀ ਮਦਦ ਨਾਲ ਡੰਪਰ ਨੂੰ ਪਾਸੇ ਕੀਤਾ ਗਿਆ।  ਇਸ ਦੌਰਾਨ, ਲੋਕਾਂ ਨੂੰ ਬੱਜਰੀ ਹਟਾਉਣ ਲਈ ਘੰਟਿਆਂ ਤੱਕ ਜੱਦੋ-ਜਹਿਦ ਕਰਨੀ ਪਈ। ਕਾਰ ਵਿੱਚ ਸਵਾਰ ਲੋਕ ਤੜਫਦੇ ਰਹੇ। ਬਾਅਦ ਵਿਚ, ਕਾਰ ਦੀ ਛੱਤ ਨੂੰ ਕੱਟਿਆ ਗਿਆ ਅਤੇ ਵਿਚ ਫਸੇ ਹੋਏ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ। ਹਾਦਸੇ ਤੋਂ ਬਾਅਦ ਡੰਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਸ਼ਹਿਰ ਦੇ ਪੁਲਿਸ ਸੁਪਰਡੈਂਟ ਵਿਓਮ ਬਿੰਦਲ ਨੇ ਕਿਹਾ ਕਿ ਕਾਰ ਵਿਚੋਂ ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਮਾਮਲਾ ਗਗਲਹੇੜੀ ਪੁਲਿਸ ਸਟੇਸ਼ਨ ਵਿੱਚ ਦਰਜ ਕੀਤਾ ਗਿਆ ਹੈ।