ਆਏ ਦਿਨ ਵਿਦੇਸ਼ ਵਿੱਚ ਫਸੇ ਨੌਜਵਾਨਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ। ਅਜਿਹੇ ਮਾਮਲਾ ਕਪੂਰਥਲਾ ਦੇ ਪਿੰਡ ਹੁਸੈਨਪੁਰ ਦੂਲੋਵਾਲ ਤੋਂ ਸਾਹਮਣੇ ਆਇਆ ਹੈ। ਜਿੱਥੋਂ ਦੇ ਰਹਿਣ ਵਾਲੇ ਸੋਨੀ ਨਾਮ ਦਾ ਨੌਜਵਾਨ ਜੋ ਪਰਿਵਾਰ ਦੇ ਚੰਗੇ ਭਵਿੱਖ ਖਾਤਿਰ 2018 ਦੇ ਵਿੱਚ ਚੰਗੀ ਰੋਜੀ ਰੋਟੀ ਦੀ ਭਾਲ ਲਈ ਦੁਬਈ ਗਿਆ ਸੀ। ਪਰ ਇੱਕ ਚੋਰੀ ਦੇ ਇਲਜ਼ਾਮ ਹੇਠ ਉਹ ਉੱਥੇ ਹੀ ਫਸ ਕੇ ਰਹਿ ਗਿਆ।

    ਦੁਬਈ ਵਿੱਚ ਫਸੇ ਨੌਜਵਾਨ ਸੋਨੀ ਦੇ ਭਰਾ ਵਿਜੈ ਨੇ ਦੱਸਿਆ ਕਿ ਉਸ ਦਾ ਭਰਾ ਰੋਜ਼ੀ ਰੋਟੀ ਦੀ ਭਾਲ ਦੇ ਲਈ 2018 ਦੇ ਵਿੱਚ ਦੁਬਈ ਗਿਆ ਸੀ ਅਤੇ ਉਸ ਕੋਲ ਦੋ ਸਾਲ ਦਾ ਵੀਜ਼ਾ ਸੀ ਅਤੇ ਉਹ ਦੁਬਈ ਦੀ ਇੱਕ ਕੰਪਨੀ ਵਿੱਚ ਕੰਮ ਕਰਨ ਲਈ ਗਿਆ ਸੀ। ਜਿੱਥੇ ਉਸ ਨੂੰ ਕੁਝ ਸਮਾਂ ਕੰਮ ਕਰਨ ਮਗਰੋਂ ਚਾਰ ਤੋਂ ਪੰਜ ਮਹੀਨੇ ਦੀ ਕੰਪਨੀ ਵੱਲੋਂ ਉਸਦੀ ਤਨਖਾਹ ਨਹੀਂ ਦਿੱਤੀ ਗਈ। ਜਿਸ ਦਾ ਨੌਜਵਾਨ ਸੋਨੀ ਵੱਲੋਂ ਵਿਰੋਧ ਵੀ ਕੀਤਾ ਗਿਆ।

    ਸੋਨੀ ਦੇ ਭਰਾ ਵਿਜੈ ਨੇ ਦੱਸਿਆ ਕਿ ਜਦੋਂ ਸੋਨੀ ਨੇ ਇਸ ਗੱਲ ਤੇ ਇਤਰਾਜ ਜਤਾਇਆ ਤਾਂ ਕੰਪਨੀ ਨੇ ਉਸ ਉੱਪਰ ਚੋਰੀ ਦਾ ਇਲਜ਼ਾਮ ਲਗਾ ਦਿੱਤਾ ਅਤੇ ਉਸ ਦੇ ਕਾਗਜ਼ਾਤ ਵੀ ਜ਼ਬਤ ਕਰ ਲਏ। ਜਿਸ ਤੋਂ ਬਾਅਦ ਸੋਨੀ ਵੱਲੋਂ ਕੰਪਨੀ ਨੂੰ ਛੱਡ ਕੇ ਕਿਤੇ ਹੋਰ ਜਗ੍ਹਾ ਰਹਿਣ ਦਾ ਬੰਦੋਬਸਤ ਕਰ ਲਿਆ ਗਿਆ। ਅਜਿਹੀ ਸੂਰਤ ਵਿੱਚ ਸੋਨੀ ਦੇ ਕੋਲ ਨਾ ਕੰਮ ਕਰਨ ਲਈ ਕੋਈ ਜਗ੍ਹਾ ਸੀ ਅਤੇ ਨਾ ਹੀ ਕੋਈ ਕਮਾਈ ਦਾ ਸਾਧਨ ਸੀ। ਜਿਸ ਕਾਰਨ ਸੋਨੀ ਦਾ ਗੁਜ਼ਾਰਾ ਔਖਾ ਹੋ ਗਿਆ ਅਤੇ ਉਹ ਦਾਣੇ ਦਾਣੇ ਤੋਂ ਮੁਹਤਾਜ ਹੋ ਗਿਆ।

    ਵਿਜੇ ਨੇ ਦੱਸਿਆ ਕਿ ਉਸ ਦਾ ਭਰਾ ਫੋਨ ਤੇ ਉਹਨਾਂ ਨੂੰ ਦੱਸਦਾ ਰਹਿੰਦਾ ਸੀ ਕਿ ਇੱਥੇ ਉਸ ਦੇ ਹਾਲਾਤ ਬਹੁਤ ਹੀ ਮਾੜੇ ਹਨ ਅਤੇ ਉਹ ਵਾਪਸ ਘਰ ਆਉਣਾ ਚਾਹੁੰਦਾ ਹੈ। ਸੋਨੀ ਦੇ ਭਰਾ ਵਿਜੇ ਨੇ ਦੱਸਿਆ ਕਿ ਸੋਨੀ ਦੀ ਇਸ ਗੱਲ ਤੋਂ ਬਾਅਦ ਉਹ ਵਾਤਾਵਰਨ ਪ੍ਰੇਮੀ ਤੇ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਮਿਲੇ ਅਤੇ ਉਹਨਾਂ ਨੂੰ ਮਦਦ ਦੀ ਗੁਹਾਰ ਲਗਾਈ।

    ਜਿਸ ਮਗਰੋਂ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਸੀਚੇਵਾਲ ਨੇ ਦੱਸਿਆ ਕਿ ਬਹੁਤ ਸਾਰੇ ਨੌਜਵਾਨ ਜੋ ਵਿਦੇਸ਼ ਦੇ ਵਿੱਚ ਇੱਕ ਚੰਗੇ ਭਵਿੱਖ ਦੇ ਲਈ ਜਾਂਦੇ ਤਾਂ ਹਨ ਪਰ ਕਈ ਵਾਰ ਖੁਦ ਦੀ ਨਾ ਸਮਝੀ ਦੇ ਕਾਰਨ ਉਹ ਉੱਥੇ ਹੀ ਫਸ ਕੇ ਰਹਿ ਜਾਂਦੇ ਹਨ ਜਿਸ ਦਾ ਖਮਿਆਜ਼ਾ ਉਹਨਾਂ ਦੇ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ। ਸੰਤ ਸੀਚੇਵਾਲ ਨੇ ਅਜਿਹੇ ਨੌਜਵਾਨਾਂ ਅਤੇ ਉਹਨਾਂ ਦੇ ਮਾਪਿਆਂ ਨੂੰ ਇਹ ਅਪੀਲ ਕੀਤੀ ਹੈ ਕਿ ਅਗਰ ਵਿਦੇਸ਼ ਵੀ ਜਾਣਾ ਹੈ ਤਾਂ ਉਹ ਸਹੀ ਰਾਹ ਅਪਣਾਉਣ ਅਤੇ ਪੂਰਨ ਤੌਰ ਤੇ ਉਸਦੀ ਜਾਣਕਾਰੀ ਲੈ ਕੇ ਫਿਰ ਹੀ ਕਿਸੇ ਕੰਪਨੀ ਦੇ ਵਿੱਚ ਅਪਲਾਈ ਕਰਨ ਅਤੇ ਉਥੇ ਰਹਿ ਕੇ ਆਪਣਾ ਕੰਮ ਕਰਨ ਨਹੀਂ ਤਾਂ ਅਜਿਹੇ ਨਤੀਜੇ ਹੀ ਸਾਹਮਣੇ ਆਉਣਗੇ।

    ਸੋਨੀ ਦੇ ਪਰਿਵਾਰ ਦੇ ਵਿੱਚ ਸੋਨੀ ਦੀ ਇੱਕ ਪਤਨੀ ਇੱਕ ਨੌ ਸਾਲ ਦੀ ਬੱਚੀ ਉਸਦੇ ਮਾਤਾ ਪਿਤਾ ਤੇ ਉਸਦਾ ਭਰਾ ਉਸਦੀ ਉਡੀਕ ਕਰ ਰਹੇ ਹਨ। ਸੋਨੇ ਦੀ ਮਾਤਾ ਮਿੰਦੋ ਨੇ ਨਮ ਅੱਖਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਉਹ ਇਸ ਆਸ ਤੇ ਹੀ ਜਿਉਂਦੇ ਹਨ ਕਿ ਉਸਦਾ ਪੁੱਤਰ ਉਹਨਾਂ ਕੋਲ ਹੁਣ ਵਾਪਿਸ ਆ ਜਾਵੇ। ਉਹਨਾਂ ਕਿਹਾ ਕਿ ਉਸਦੀ ਪਤਨੀ ਅਤੇ ਉਸਦੀ ਛੋਟੀ ਬੱਚੀ ਜੋ ਕਿ ਪੰਜਵੀਂ ਜਮਾਤ ਵਿੱਚ ਪੜ੍ਹਦੀ ਹੈ ਅਤੇ ਆਪਣੇ ਪਿਤਾ ਦੀ ਉਡੀਕ ਕਰ ਰਹੀ ਹੈ ਕਿ ਕਦੋਂ ਉਸਦੇ ਪਿਤਾ ਘਰ ਵਾਪਸ ਆਉਣਗੇ ਅਤੇ ਉਸ ਨੂੰ ਆਪਣੇ ਗਲ਼ ਨਾਲ ਲਾ ਕੇ ਖਿਡਾਉਣਗੇ।