ਉੱਤਰ ਪ੍ਰਦੇਸ਼ ‘ਚ ਮੇਰਠ ਜ਼ਿਲੇ ਦੇ ਲੋਹੀਆਨਗਰ ਇਲਾਕੇ ‘ਚ ਸਵੀਮਿੰਗ ਪੂਲ ‘ਤੇ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਚੱਲਦੇ ਹੀ ਸਵੀਮਿੰਗ ਪੂਲ ‘ਚ ਨਹਾਉਣ ਆਏ ਲੋਕਾਂ ‘ਚ ਭਗਦੜ ਮੱਚ ਗਈ। ਘਟਨਾ ਤੋਂ ਬਾਅਦ ਦੋਸ਼ੀ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੇ ਸਮੇਂ ਨੌਜਵਾਨ ਸਵੀਮਿੰਗ ਪੂਲ ‘ਚ ਨਹਾਉਣ ਆਇਆ ਸੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਪੁਲਿਸ ਸੂਤਰਾਂ ਨੇ ਮੰਗਲਵਾਰ ਰਾਤ ਨੂੰ ਵਾਪਰੀ ਘਟਨਾ ਬਾਰੇ ਬੁੱਧਵਾਰ ਨੂੰ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਨਾਮ ਅਰਸ਼ਦ (30) ਹੈ। ਜ਼ੈਦੀ ਫਾਰਮ ਦਾ ਰਹਿਣ ਵਾਲਾ ਅਰਸ਼ਦ ਨੌਚੰਦੀ ਥਾਣਾ ਖੇਤਰ ਦਾ ਹਿਸਟਰੀ-ਸ਼ੀਟਰ ਸੀ ਅਤੇ ਉਸ ਖਿਲਾਫ 18 ਮਾਮਲੇ ਦਰਜ ਹਨ। ਲੋਹੀਆਨਗਰ ਇਲਾਕੇ ‘ਚ ਸਵੀਮਿੰਗ ਪੂਲ ‘ਚ ਨਹਾਉਂਦੇ ਸਮੇਂ ਅਰਸ਼ਦ ਦਾ ਇੱਕ ਨੌਜਵਾਨ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਝਗੜੇ ਕਾਰਨ ਨੌਜਵਾਨ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਅਰਸ਼ਦ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਹਮਲਾਵਰ ਖ਼ਿਲਾਫ਼ ਵੀ ਕਤਲ ਅਤੇ ਕਤਲ ਦੀ ਕੋਸ਼ਿਸ਼ ਵਰਗੇ ਗੰਭੀਰ ਦੋਸ਼ਾਂ ਤਹਿਤ ਕੇਸ ਦਰਜ ਹਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੋਸ਼ੀ ਹਮਲਾਵਰ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀਆਂ ਦੋ ਟੀਮਾਂ ਬਣਾਈਆਂ ਗਈਆਂ ਹਨ।