ਅਸੀਂ ਹਰ ਘਰ ਨੂੰ 300 ਯੂਨਿਟ ਮੁਫਤ ਬਿਜਲੀ ਦੇ ਰਹੇ ਹਾਂ, ਝੋਨੇ ਦੇ ਸੀਜ਼ਨ ਵਿੱਚ ਬਿਜਲੀ ਰਿਕਾਰਡ ਮੰਗ ਪੂਰੀ ਕੀਤੀ, ਪੀਐਸਪੀਸੀਐਲ ਦੇ ਬਕਾਇਆ ਕਲੀਅਰ ਕੀਤੇ, ਇੱਕ ਪਾਵਰ ਪਲਾਂਟ ਖਰੀਦਿਆ ਅਤੇ ਪੀਐਸਪੀਸੀਐਲ ਨੂੰ ਮੁਨਾਫਾ ਕਮਾਉਣ ਵਾਲਾ ਵਿਭਾਗ ਬਣਾਇਆ: ਮਲਵਿੰਦਰ ਕੰਗ

 ਸਰਕਾਰੀ ਖੇਤਰਾਂ ਨੂੰ ਮਜ਼ਬੂਤ ਕਰਨਾ, ਆਮ ਲੋਕਾਂ ਦੀ ਸਹੂਲਤ ਅਤੇ ਸਾਰਿਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੀ ‘ਆਪ’ ਦੀ ਸਿਆਸੀ ਵਿਚਾਰਧਾਰਾ ਹੈ- ਕਂਗ

 ਅਸੀਂ ਦਿੱਲੀ ਅਤੇ ਪੰਜਾਬ ਵਿਚ ਸਿੱਖਿਆ, ਸਿਹਤ ਅਤੇ ਬਿਜਲੀ ਦੇ ਖੇਤਰਾਂ ‘ਤੇ ਧਿਆਨ ਕੇਂਦਰਿਤ ਕੀਤਾ, ਆਮ ਲੋਕਾਂ ਦੀ ਸੇਵਾ ਲਈ ਉਨ੍ਹਾਂ ਨੂੰ ਮਜ਼ਬੂਤ ਕੀਤਾ: ‘ਆਪ’ ਨੇਤਾ

 ਵਿਜੀਲੈਂਸ ਬਿਊਰੋ ਪੀ.ਪੀ.ਏ ਦੀ ਜਾਂਚ ਕਰ ਰਹੀ ਹੈ, ਪੰਜਾਬ ਨੂੰ ਲੁੱਟਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ: ਕੰਗ

 ਚੰਡੀਗੜ੍ਹ, 2 ਜਨਵਰੀ

 ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ.) ਨੂੰ ਮੁਨਾਫ਼ਾ ਕਮਾਉਣ ਵਾਲੀ ਇਕਾਈ ਵਿੱਚ ਬਦਲਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤਾ। ਪਛਵਾੜਾ ਖਾਨ ਤੋਂ ਕੋਲਾ, ਬਕਾਇਆ ਕਲੀਅਰ ਕਰਨ ਅਤੇ ਪਾਵਰ ਪਲਾਂਟ ਖਰੀਦਣ ਨਾਲ ਪੀਐਸਪੀਸੀਐਲ ਨੂੰ ਬਹੁਤ ਮਦਦ ਮਿਲੀ ਹੈ।

ਮਂਗਲਵਾਰ ਨੂੰ ਬੁਲਾਰੇ ਗੋਵਿੰਦਰ ਮਿੱਤਲ ਅਤੇ ਵਿਕਰਮ ਪਾਸੀ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਨਵੇਂ ਸਾਲ ਦੇ ਮੌਕੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੋਇੰਦਵਾਲ ਸਾਹਿਬ ਪਾਵਰ ਪਲਾਂਟ ਖਰੀਦ ਕੇ ਪੰਜਾਬ ਵਾਸੀਆਂ ਨੂੰ ਖੁਸ਼ਖਬਰੀ ਦਿੱਤੀ ਹੈ। ਪਿਛਲੇ 25 ਸਾਲਾਂ ਤੋਂ ਸਾਡੇ ਦੇਸ਼ ਵਿੱਚ ਸਰਕਾਰੀ ਕੰਪਨੀਆਂ ਨੂੰ ਨਿੱਜੀ ਕੰਪਨੀਆਂ ਅਤੇ ਕਾਰਪੋਰੇਟਾਂ ਨੂੰ ਵੇਚਣ ਦਾ ਰੁਝਾਨ/ ਟ੍ਰੈਂਡ ਬਣ ਗਿਆ ਸੀ। ਸਿਆਸੀ ਪਾਰਟੀਆਂ ਅਤੇ ਸਿਆਸਤਦਾਨ ਟੇਬਲ ਹੇਠ ਕੁਝ ਲਾਭ ਲੈਂਦੇ ਹਨ ਅਤੇ ਬਦਲੇ ਵਿੱਚ ਉਹ ਸਰਕਾਰੀ ਵਿਭਾਗ ਇੱਕ ਪ੍ਰਾਈਵੇਟ ਕੰਪਨੀ ਨੂੰ ਸੌਂਪ ਦਿੰਦੇ ਹਨ। ਆਮ ਆਦਮੀ ਪਾਰਟੀ ਦੇਸ਼ ਦੀ ਰਾਜਨੀਤੀ ਨੂੰ ਬਦਲ ਰਹੀ ਹੈ ਅਤੇ ਅਸੀਂ ਸਰਕਾਰੀ ਖੇਤਰਾਂ ਅਤੇ ਸੰਸਥਾਵਾਂ ਨੂੰ ਮਜ਼ਬੂਤ ਕਰ ਰਹੇ ਹਾਂ। ਇਸ ਨਾਲ ਨਾ ਸਿਰਫ਼ ਸਰਕਾਰ ਨੂੰ ਆਮਦਨ ਹੁੰਦੀ ਹੈ, ਸਗੋਂ ਆਮ ਲੋਕਾਂ ਨੂੰ ਵਾਧੂ ਵਿੱਤੀ ਬੋਝ ਤੋਂ ਬਿਨਾਂ ਸਹੂਲਤਾਂ ਮਿਲਦੀਆਂ ਹਨ ਅਤੇ ਸਾਡੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਹੁੰਦਾ ਹੈ।

 ਕੰਗ ਨੇ ਅੱਗੇ ਕਿਹਾ ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਨੇ ਸਿੱਖਿਆ ਅਤੇ ਸਿਹਤ ਖੇਤਰ ਤੇ ਕਮ ਕੀਤਾ ਹੈ। ਦਿੱਲੀ ਵਿੱਚ ਸਰਕਾਰੀ ਸਕੂਲਾਂ ਦਾ ਸੁਧਾਰ ਹੋਇਆ, ਮੁਹੱਲਾ ਕਲੀਨਿਕ ਖੋਲ੍ਹੇ ਅਤੇ ਸਰਕਾਰੀ ਹਸਪਤਾਲਾਂ ਦਾ ਸੁਧਾਰ ਕੀਤਾ ਗਿਆ। ਹੁਣ ਦਿਲੀ ਵਿੱਚ ਸਾਰੀਆਂ ਸਹੂਲਤਾਂ ਆਮ ਲੋਕਾਂ ਨੂੰ ਮੁਫਤ ਦਿੱਤੀਆਂ ਜਾਂਦੀਆਂ ਹਨ। ਇਸ ਨਾਲ ਉਨ੍ਹਾਂ ਦੀ ਆਰਥਿਕ ਤੰਗੀ ਵੀ ਘਟੀ ਹੈ। ਪੰਜਾਬ ਵਿੱਚ ਵੀ ਮਾਨ ਸਰਕਾਰ ਨੇ ਸਾਰੇ ਖੇਤਰਾਂ ਲਈ ਇਤਿਹਾਸਕ ਕਦਮ ਚੁੱਕੇ ਹਨ। ਲੋਕਾਂ ਨੂੰ ਮੁਫਤ ਬਿਜਲੀ ਦੇਣ ਲਈ ਪਾਵਰ ਪਲਾਂਟ ਖਰੀਦਣਾ ਵੀ ਇਨ੍ਹਾਂ ਕਦਮਾਂ ਵਿੱਚੋਂ ਇੱਕ ਹੈ।

 ਕੰਗ ਨੇ ਦੱਸਿਆ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਂਅ ‘ਤੇ ਬਣੇ ਗੋਇੰਦਵਾਲ ਸਾਹਿਬ ਪਾਵਰ ਪਲਾਂਟ ਦੀ ਕੁੱਲ 1100 ਏਕੜ ਜ਼ਮੀਨ ਹੈ, ਜਿਸ ਵਿੱਚੋਂ 700 ਏਕੜ ਜ਼ਮੀਨ ਪਲਾਂਟ ਦੀ ਹੈ ਅਤੇ 400 ਏਕੜ ਜ਼ਮੀਨ ਮਾਨ ਸਰਕਾਰ ਵੱਲੋਂ ਨਵੇਂ ਪ੍ਰੋਜੈਕਟਾਂ ਲਈ ਵਰਤੀ ਜਾਵੇਗੀ। ਸਾਡਾ ਸੂਬਾ ਖੇਤੀ ਪ੍ਰਧਾਨ ਸੂਬਾ ਹੈ, ਇਸ ਲਈ ਸਾਡੇ ਕੋਲ ਜ਼ਮੀਨ ਦੀ ਘਾਟ ਹੈ ਅਤੇ ਜੋ ਜ਼ਮੀਨ ਅਸੀਂ ਐਕੁਆਇਰ ਕੀਤੀ ਹੈ, ਉਸ ਦੀ ਵਰਤੋਂ ਲੋਕ ਭਲਾਈ ਲਈ ਕੀਤੀ ਜਾਵੇਗੀ। ਅਸੀਂ ਹੁਣ ਇਸ ਪਲਾਂਟ ਵਿੱਚ ਸਸਤੀ ਬਿਜਲੀ ਵੀ ਪੈਦਾ ਕਰ ਸਕਾਂਗੇ ਜਿਸ ਨਾਲ ਪੀਐਸਪੀਸੀਐਲ ਦੇ ਮੁਨਾਫੇ ਵਿੱਚ ਹੋਰ ਵਾਧਾ ਹੋਵੇਗਾ।

 ਕੰਗ ਨੇ ਕਿਹਾ ਕਿ ਪਿਛਲੇ 5-6 ਸਾਲਾਂ ਵਿੱਚ ਸਰਕਾਰ ਨੇ ਬੰਦ ਪਏ ਥਰਮਲ ਪਲਾਂਟ ਨੂੰ 1800 ਕਰੋੜ ਦਿੱਤੇ, ਅਸੀਂ ਥਰਮਲ ਪਲਾਂਟ ਅੱਧੇ ਰੇਟ ਵਿੱਚ ਖਰੀਦ ਲਿਆ। ਆਮ ਆਦਮੀ ਪਾਰਟੀ ਦੇ ਸਰਕਾਰੀ/ਪਬਲਿਕ ਖੇਤਰ ਨੂੰ ਸਸ਼ਕਤ ਕਰਨ ਦੇ ਸਪੱਸ਼ਟ ਇਰਾਦੇ ਹਨ ਅਤੇ ਅਸੀਂ ਪੀਐਸਪੀਸੀਐਲ ਨੂੰ ਇੱਕ ਮੁਨਾਫ਼ਾ ਵਾਲੀ ਯੂਨਿਟ ਬਣਾ ਕੇ ਪਾਵਰ ਸੈਕਟਰ ਵਿੱਚ ਆਪਣੇ ਆਪ ਨੂੰ ਸਾਬਤ ਕੀਤਾ ਹੈ।

 ਕੰਗ ਨੇ ਕਿਹਾ ਕਿ ਸਾਡੀ ਸਰਕਾਰ ਹਰ ਇੱਕ ਨੂੰ 300 ਯੂਨਿਟ ਮੁਫਤ ਬਿਜਲੀ ਪ੍ਰਤੀ ਮਹੀਨਾ ਦੇ ਰਹੀ ਹੈ ਅਤੇ ਪੀਐਸਪੀਸੀਐਲ ਦੇ ਬਕਾਇਆ ਬਕਾਏ ਵੀ ਕਲੀਅਰ ਕੀਤੇ ਹਨ। ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਮਿਲੀ ਅਤੇ ਸਾਡੇ ਵਿਭਾਗ ਨੇ ਬਿਨਾਂ ਕਿਸੇ ਸਮੱਸਿਆ ਦੇ ਰਿਕਾਰਡ ਮੰਗ ਪੂਰੀ ਕੀਤੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਪਰੈਲ ਮਹੀਨੇ ਜਲੰਧਰ ਵਿੱਚ ਕਹਿ ਰਹੇ ਸਨ ਕਿ ਝੋਨੇ ਦੇ ਸੀਜ਼ਨ ਵਿੱਚ ਲੋਕਾਂ ਨੂੰ ਬਿਜਲੀ ਨਹੀਂ ਮਿਲੇਗੀ ਪਰ ‘ਆਪ’ ਸਰਕਾਰ ਨੇ ਉਸ ਨੂੰ ਵੀ ਗਲਤ ਸਾਬਤ ਕਰਦਿਆਂ ਇੱਕ ਦਿਨ ਵਿੱਚ ਰਿਕਾਰਡ 3435.4 ਲੱਖ ਯੂਨਿਟ ਬਿਜਲੀ ਸਪਲਾਈ ਦਿੱਤੀ। ‘ਆਪ’ ਦੀ ਸਰਕਾਰ ‘ਚ ਸਾਡੀ ਆਪਣੀ ਪਛਵਾੜਾ ਕੋਲਾ ਖਾਨ ਵੀ ਕੰਮ ਕਰ ਰਹੀ ਹੈ ਅਤੇ ਸਾਡੇ ਥਰਮਲ ਪਲਾਂਟਾਂ ਨੂੰ ਘੱਟ ਕੀਮਤ ‘ਤੇ ਲੋੜੀਂਦਾ ਕੋਲਾ ਮਿਲ ਰਿਹਾ ਹੈ।

 ਕੰਗ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਰਾਜਨੀਤੀ ਹੈ। ਸਿਆਸਤਦਾਨਾਂ ਵੱਲੋਂ ਨਿੱਜੀ ਮੁਨਾਫ਼ਾ ਕਮਾਉਣ ਲਈ ਸਰਕਾਰੀ ਅਦਾਰਿਆਂ ਨੂੰ ਵੇਚਣ ਦਾ ਰੁਝਾਨ ਹੁਣ ਹਰ ਪਾਸੇ ਹੈ ਪਰ ਅਸੀਂ ਇਸ ਰੁਝਾਨ ਨੂੰ ਉਲਟਾ ਰਹੇ ਹਾਂ। ਅਸੀਂ ਲੋਕਾਂ ਨੂੰ ਸਹੂਲਤਾਂ ਦੇਣ ਲਈ ਪ੍ਰਾਈਵੇਟ ਕੰਪਨੀਆਂ ਨੂੰ ਖਰੀਦ ਰਹੇ ਹਾਂ ਤਾਂ ਜੋ ਉਨ੍ਹਾਂ ‘ਤੇ ਵਿੱਤੀ ਦਬਾਅ ਨਾ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਊਰੋ ਪੀ.ਪੀ.ਏ. ਦੀ ਜਾਂਚ ਕਰ ਰਿਹਾ ਹੈ ਅਤੇ ਨਿੱਜੀ ਲਾਭ ਲਈ ਸਰਕਾਰੀ ਖਜ਼ਾਨੇ ਦੀ ਲੁੱਟ ਕਰਨ ਵਾਲੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

 ਕੰਗ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਤਿਹਾਸਕ ਫਤਵਾ ਦਿੱਤਾ ਹੈ ਅਤੇ ਹਰ ਲੋਕ ਪੱਖੀ ਅਤੇ ਪੰਜਾਬ ਪੱਖੀ ਫੈਸਲੇ ਰਾਹੀਂ ਸਾਡੀ ਸਰਕਾਰ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰ ਰਹੀ ਹੈ।


—-