ਪਹਿਲੀ ਜਨਵਰੀ ਨੂੰ ਸਿ਼ਵ ਸੈਨਾ ਬਾਲ ਠਾਕਰੇ ਵੱਲੋਂ ਮੁੱਖ ਮੰਤਰੀ ਦੀ ਕੋਠੀ ਦਾ ਕੀਤਾ ਜਾਵੇਗਾ ਘਿਰਾਓ—ਮਿੰਕੂ ਚੌਧਰੀ
ਫਿ਼ਰੋਜ਼ਪੁਰ, (ਜਤਿੰਦਰ ਪਿੰਕਲ) : ਆਮ ਆਦਮੀ ਦੀ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਪਰ ਖਰੀ ਨਹੀਂ ਉਤਰ ਸਕੀ, ਜ਼ੋ ਕਿ ਅੱਜ ਤੱਕ ਦੀ ਸਭ ਤੋਂ ਮਾੜੀ ਸਰਕਾਰ ਸਾਬਿਤ ਹੋਈ ਹੈ। ਇਹ ਵਿਚਾਰ ਸਾਂਝੇ ਕਰਦਿਆਂ ਸ੍ਰੀ ਹਰੀਸ਼ ਸਿੰਗਲਾ ਪੰਜਾਬ ਪ੍ਰਧਾਨ ਸਿ਼ਵ ਸੈਨਾ ਬਾਲ ਠਾਕਰੇ ਨੇ ਕਿਹਾ ਕਿ ਅੱਜ ਤੱਕ ਪੰਜਾਬ ਵਿਚ ਪਹਿਲਾਂ ਕਿਸੇ ਪੁਰਾਣੀ ਪਾਰਟੀ ਨੇ ਅਜਿਹਾ ਨਹੀਂ ਕੀਤਾ, ਭਾਵੇਂ ਬਾਦਲ ਸਰਕਾਰ ਹੋਵੇ, ਭਾਵੇਂ ਕਾਂਗਰਸ ਸਰਕਾਰ ਦੀ ਸਰਕਾਰ ਹੋਵੇ, ਪਰ ਆਮ ਆਦਮੀ ਪਾਰਟੀ ਦੀ ਇਸ ਸਰਕਾਰ ਨੇ ਅਜਿਹਾ ਕਰਕੇ ਸਾਬਿਤ ਕਰ ਦਿੱਤਾ ਕਿ ਇਹ ਕਹਿੰਦੇ ਕੁਝ ਹਨ ਅਤੇ ਕਰਦੇ ਕੁਝ ਹਨ। ਇਸ ਮੌਕੇ ਬਾਲ ਠਾਕਰੇ ਏਕ ਨਾਥ ਛਿੰਦੇ ਗਰੁੱਪ ਪੰਜਾਬ ਦੇ ਵਾਈਸ ਪ੍ਰਧਾਨ ਮਿੰਟੂ ਚੌਧਰੀ ਅਤੇ ਪੰਜਾਬ ਪ੍ਰਧਾਨ ਹਰੀਸ਼ ਸਿੰਗਲਾ ਸਿ਼ਵ ਸੈਨਾ ਬਾਲ ਠਾਕਰੇ ਨੇ ਸਤਲੁਜ਼ ਪ੍ਰੈਸ ਕਲੱਬ ਫਿ਼ਰੋਜ਼ਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਸਤ੍ਹਾ ਹਾਸਲ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨੂੰ ਜੰਮ ਕੇ ਗੁੰਮਰਾਹ ਕੀਤਾ ਅਤੇ ਪੰਜਾਬੀਆਂ ਵੱਲੋਂ ਦਿਲ ਖੋਲ ਕੇ ਇਸ ਪਾਰਟੀ ਨੂੰ ਸਮਰਥਨ ਦਿੱਤਾ ਗਿਆ, ਜਿਸ ਦਾ ਖਮਿਆਜਾ ਅੱਜ ਪੰਜਾਬ ਵਾਸੀ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਸਤ੍ਹਾ ਤੇ ਕਾਬਜ ਹੁੰਦਿਆਂ ਹੀ ਭਗਵੰਤ ਮਾਨ ਦੀ ਸਰਕਾਰ ਇਉ ਲੋਕਾਂ ਨੂੰ ਭੁਲ ਗਈ, ਜਿਵੇਂ ਇਸ ਨੇ ਕਦੇ ਕੋਈ ਵਾਇਦਾ ਕੀਤਾ ਹੀ ਨਹੀਂ ਹੁੰਦਾ, ਜਿਸ ਕਰਕੇ ਪੰਜਾਬ ਦੇ ਲੋਕ ਆਪਣੇ—ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਤ੍ਹਾ ਤੇ ਕਾਬਜ ਭਗਵੰਤ ਮਾਨ ਦੀ ਸਰਕਾਰ ਨੂੰ ਲੋਕਾਂ ਨਾਲ ਕੀਤੇ ਵਾਅਦੇ ਚੇਤੇ ਕਰਵਾਉਣ ਲਈ ਸਿ਼ਵ ਸੈਨਾ ਬਾਲ ਠਾਕਰੇ (ਸਿ਼ੰਦੇ ਵੱਲੋਂ ਇਕ ਵਿਸ਼ੇਸ਼ ਮੁਹਿੰਮ ਉਲੀਕੀ ਗਈ ਹੈ, ਜਿਸ ਤਹਿਤ ਇਕ ਜਨਵਰੀ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਘਿਰਾਓ ਕਰਕੇ ਸਰਕਾਰ ਨੂੰ ਹਲੂਣਾ ਦਿੱਤਾ ਜਾਵੇਗਾ ਅਤੇ ਲੋਕਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਮੰਗ ਪੱਤਰ ਵੀ ਦਿੱਤਾ ਜਾਵੇਗਾ। ਪੰਜਾਬ ਵਿਚ ਵਹਿ ਰਹੇ ਨਸਿ਼ਆਂ ਦੇ ਦਰਿਆ ਦਾ ਜਿ਼ਕਰ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ੇ ਤੇ ਸਿਆਸਤ ਕਰਕੇ ਰਾਜਭਾਗ ਸਾਂਭਣ ਵਾਲੀ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਵੱਲ ਉਕਾ ਹੀ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਰਕੇ ਰੋਜ਼ਾਨਾ ਨੌਜਵਾਨ ਨਸਿ਼ਆਂ ਦੀ ਮਾਰ ਦਾ ਸਾਹਮਣਾ ਕਰ ਰਹੇ ਹਨ ਅਤੇ ਰੋਜ਼ਾਨਾ ਹੀ ਓਵਰਡੋਜ਼ ਨਾਲ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਰਹੀ ਹੈ, ਜਿਸ ਨਾਲ ਕਿਸੇ ਦਾ ਬਾਪ, ਕਿਸੇ ਦਾ ਪਤੀ, ਕਿਸੇ ਦਾ ਪੁੱਤਰ ਬੇਵਕਤੀ ਮੌਤ ਦਾ ਸਿ਼ਕਾਰ ਹੋ ਕੇ ਇਸ ਦੁਨਿਆ ਨੂੰ ਅਲਵਿਦਾ ਆਖ ਰਿਹਾ ਹੈ।
ਸ੍ਰੀ ਮਿੰਟੂ ਚੌਧਰੀ ਅਤੇ ਹਰੀਸ਼ ਸਿੰਗਲਾ ਨੇ ਕਿਹਾ ਕਿ ਸਿ਼ਵ ਸੈਨਾ ਬਾਲ ਠਾਕਰੇ ਆਪਣੇ ਧਰਮ ਮੁਤਾਬਿਕ ਸ੍ਰੀ ਹਨੂਮਾਨ ਚਾਲੀਸਾ ਦਾ ਪਾਠ ਕਰੇਗੀ ਤਾਂ ਜ਼ੋ ਪੰਜਾਬ ਸਰਕਾਰ ਨੂੰ ਕੋਈ ਸੁੱਧ—ਬੁੱਧ ਪ੍ਰਾਪਤ ਹੋ ਸਕੇ ਅਤੇ ਇਹ ਸਰਕਾਰ ਆਪਣੇ ਕੀਤੇ ਵਾਅਦੇ ਵਫਾ ਕਰ ਸਕੇ ਤਾਂ ਜ਼ੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਔਰਤਾਂ ਨੂੰ ਇਕ ਹਜ਼ਾਰ ਰੁਪਏ ਹਰ ਮਹੀਨੇ ਦੇਣ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਬਣੀ ਨੂੰ 21 ਮਹੀਨੇ ਹੋ ਗਏ ਹਨ, ਪਰ ਅਜੇ ਤੱਕ ਔਰਤਾਂ ਨਾਲ ਇਹ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਮੰਗ ਕੀਤੀ ਕਿ ਮਾਨ ਸਰਕਾਰ ਨੇ ਔਰਤਾਂ ਦੇ ਖਾਤੇ ਵਿਚ 21 ਹਜ਼ਾਰ ਰੁਪਏ ਇਕ ਮੁਸ਼ਤ ਅਦਾ ਕਰੇ ਅਤੇ ਅੱਗੇ ਤੋਂ ਹਰ ਮਹੀਨੇ ਨਿਯਮਿਤ ਤੌਰ ਤੇ ਹਜ਼ਾਰ ਰੁਪਏ ਔਰਤਾਂ ਦੇ ਖਾਤੇ ਵਿਚ ਪਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਰੋਜ਼ਗਾਰ ਦੇ ਸਾਧਨ ਪੈਦਾ ਕਰਨ ਦੇ ਝੂਠੇ ਵਾਅਦੇ ਕਰਨ ਵਾਲੀ ਸਰਕਾਰ ਵੱਲੋਂ ਲੱਖਾਂ ਰੁਪਏ ਖਰਚ ਕੇ ਇਸ਼ਤਿਹਾਰਬਾਜੀ ਕੀਤੀ ਜਾ ਰਹੀ ਹੈ, ਜਦੋਂ ਕਿ ਬੇਰੁਜ਼ਗਾਰੀ ਤਾਂ ਹੋਰ ਵੀ ਵੱਧ ਰਹੀ ਹੈ, ਜਿਸ ਕਰਕੇ ਨੌਜਵਾਨ ਆਪਣੇ—ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਅਤੇ ਮਜ਼ਬੂਰਨ ਨੌਜਵਾਨੀ ਬਾਹਰ ਨੂੰ ਜਾ ਰਹੀ ਹੈ।
ਸਰਕਾਰ ਵੱਲੋਂ ਵਸੂਲੇ ਜਾ ਰਹੇ ਗਊਸੈਸ ਦਾ ਜਿ਼ਕਰ ਕਰਦਿਆਂ ਸ੍ਰੀ ਮਿੰਟੂ ਚੌਧਰੀ ਅਤੇ ਹਰੀਸ਼ ਸਿੰਗਲਾ ਨੇ ਕਿਹਾ ਕਿ ਸਰਕਾਰ 16 ਵਸਤਾਂ ਤੇ ਗਊਸੈਸ ਪੰਜਾਬੀਆਂ ਤੋਂ ਵਸੂਲ ਰਹੀ ਹੈ, ਪਰ ਪੰਜਾਬ ਵਿਚ ਗਊਆਂ ਦੀ ਸਾਂਭ—ਸੰਭਾਲ ਲਈ ਸਰਕਾਰ ਵੱਲੋਂ ਉਕਾ ਹੀ ਯਤਨ ਨਹੀਂ ਕੀਤੇ, ਜਿਸ ਕਰਕੇ ਗਊ ਦੀ ਹਾਲਤ ਹੋਰ ਵੀ ਬਦਤਰ ਹੋ ਰਹੀ ਹੈ, ਜਦੋਂ ਕਿ ਅਵਾਰਾ ਗਊਆਂ ਸੜਕਾਂ ਤੇ ਘੁੰਮਣ ਕਰਕੇ ਹਾਦਸਿਆਂ ਦਾ ਕਾਰਣ ਬਣਦੀਆਂ ਹਨ, ਜਿਸ ਨਾਲ ਗਊ ਸਮੇਤ ਮਨੁੱਖਤਾ ਦਾ ਨੁਕਸਾਨ ਹੁੰਦਾ ਹੈ। ਲੋਕ ਸਭਾ ਚੋਣਾਂ ਦੇ ਮੁੱਦੇ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਰਾਜਨੀਤਕ ਮਾਹੌਲ ਅਨੁਸਾਰ ਕੋਈ ਵੀ ਸਿਆਸੀ ਗਠਜੋੜ ਸੰਭਵ ਹੈ ਅਤੇ ਜੇਕਰ ਭਾਜਪਾ ਵੱਲੋਂ ਸਿ਼ਵ ਸੈਨਾ ਬਾਲ ਠਾਕਰੇ (ਸਿ਼ੰਦੇ) ਨਾਲ ਚੋਣ ਸਮਝੌਤਾ ਕੀਤਾ ਜਾਂਦਾ ਹੈ ਤਾਂ ਉਹ ਭਾਜਪਾ ਨਾਲ ਮਿਲ ਕੇ ਚੋਣ ਲੜਣਗੇ ਨਹੀਂ ਤਾਂ ਉਨ੍ਹਾਂ ਦੇ ਉਮੀਦਵਾਰਾਂ ਵੱਲੋਂ ਆਪੋ—ਆਪਣੇ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿਚ ਕੰਮ ਕਰ ਰਹੇ ਹਨ। ਇਸ ਮੌਕੇ ਰਾਧੇ ਸਿ਼ਾਅਮ ਜਿ਼ਲ੍ਹਾ ਪ੍ਰਧਾਨ ਵਿਉਪਾਰ ਮੰਡਲ, ਰਾਜ ਕੁਮਾਰ ਜਿ਼ਲ੍ਹਾ ਸੈਕਟਰੀ ਫਿ਼ਰੋਜ਼ਪੁਰ, ਬਲਵੀਰ ਸਿੰਘ ਨਰੇਗਾ ਪ੍ਰਧਾਨ, ਕੁਲੈਕਟਰਜੀਤ ਸਿੰਘ ਜਿ਼ਲ੍ਹਾ ਐਸ.ਸੀ ਵਿੰਗ ਪ੍ਰਧਾਨ, ਅਸ਼ੋਕ ਉਪਲ ਬਲਾਕ ਪ੍ਰਧਾਨ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਹਾਜ਼ਰ ਸਨ।