ਆਮ ਆਦਮੀ ਪਾਰਟੀ (ਆਪ) ਵਲੋਂ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ 7 ​​ਅਪ੍ਰੈਲ ਨੂੰ ਦੇਸ਼ ਭਰ ਵਿਚ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ‘ਆਪ’ ਨੇ ਸ਼ਹੀਦ-ਏ-ਆਜ਼ਮ ਭਗਤ ਦੇ ਪਿੰਡ ਖਟਕੜ ਕਲਾਂ ਵਿਚ ਸਮੂਹਿਕ ਭੁੱਖ ੜਤਾਲ ਕਰਨ ਦੀ ਰਣਨੀਤੀ ਬਣਾਈ ਹੈ।

    ਇਸ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਰਨਗੇ। ਪਾਰਟੀ ਵਲੋਂ ਜ਼ਿਲ੍ਹਾ ਤੇ ਤਹਿਸੀਲ ਪੱਧਰ ’ਤੇ ਵੀ ਪ੍ਰੋਗਰਾਮ ਉਲੀਕੇ ਜਾਣਗੇ। ਇਸ ਦੇ ਨਾਲ ਹੀ ਲੋਕ ਸਭਾ ਚੋਣਾਂ ਵਿਚ ਜਿੱਤ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਨੇ ਆਗੂਆਂ ਦੇ ਨਾਲ-ਨਾਲ ਵਲੰਟੀਅਰਾਂ ਨੂੰ ਵੀ ਸ਼ਾਮਲ ਕਰਨ ਦੀ ਤਿਆਰੀ ਕਰ ਲਈ ਹੈ। ਇਹ ਸ਼ਨੀਵਾਰ ਤੋਂ ਸ਼ੁਰੂ ਹੋਵੇਗਾ। ਇਸ ਮਹੀਨੇ ਮੁੱਖ ਮੰਤਰੀ ਗੁਆਂਢੀ ਸੂਬੇ ਹਰਿਆਣਾ ਸਮੇਤ ਕਈ ਸੂਬਿਆਂ ਦਾ ਦੌਰਾ ਵੀ ਕਰਨਗੇ।

    ‘ਆਪ’ ਦਾ ਮੰਨਣਾ ਹੈ ਕਿ ਉਸ ਦੀ ਤਾਕਤ ਪਾਰਟੀ ਦੇ ਵਲੰਟੀਅਰਾਂ ‘ਚ ਹੈ। ਅਜਿਹੇ ‘ਚ ਮੁੱਖ ਮੰਤਰੀ ਨੇਤਾਵਾਂ ਦੇ ਨਾਲ-ਨਾਲ ਵਲੰਟੀਅਰਾਂ ਨਾਲ ਵੀ ਜੁੜਨ ਦੀ ਕੋਸ਼ਿਸ਼ ਕਰ ਰਹੇ ਹਨ। 6 ਅਪ੍ਰੈਲ ਨੂੰ ਦੁਪਹਿਰ 12 ਵਜੇ ਮੋਗਾ ਅਤੇ 3 ਵਜੇ ਜਲੰਧਰ ਵਿਖੇ ਵਲੰਟੀਅਰ ਮੀਟਿੰਗ ਕੀਤੀ ਜਾ ਰਹੀ ਹੈ। ਮੋਗਾ ਵਿਚ ਮਾਲਵੇ ਨਾਲ ਸਬੰਧਤ ਵਲੰਟੀਅਰ ਹਿੱਸਾ ਲੈਣਗੇ, ਜਦਕਿ ਜਲੰਧਰ ਵਿਚ ਦੁਆਬਾ ਖੇਤਰ ਦੇ ਆਗੂਆਂ ਦੀ ਮੀਟਿੰਗ ਕੀਤੀ ਗਈ ਹੈ। ਇਸ ਵਿਚ ਪਿੰਡ ਪੱਧਰ ਦੇ ਆਗੂ ਸ਼ਾਮਲ ਹੋਣਗੇ। ਇਨ੍ਹਾਂ ਪ੍ਰੋਗਰਾਮਾਂ ‘ਚ ਮੁੱਖ ਮੰਤਰੀ ਖੁਦ ਸ਼ਿਰਕਤ ਕਰਨਗੇ। ਪਾਰਟੀ ਦੇ ਰਾਸ਼ਟਰੀ ਸੰਗਠਨ ਜਨਰਲ ਸਕੱਤਰ ਡਾ. ਸੰਦੀਪ ਪਾਠਕ ਵੀ ਪੰਜਾਬ ਦੌਰੇ ‘ਤੇ ਹਨ।