ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਪ੍ਰਮਾਤਮਾ ਵਿੱਚ ਵਿਸ਼ਵਾਸ਼ ਨੂੰ ਦ੍ਰਿੜ ਕਰਨ ਦੇ ਨਿਸ਼ਚੇ ਨਾਲ ਬਣੀ ਫ਼ਿਲਮ ਬੀਬੀ ਰਜਨੀ ਨੂੰ ਇੰਨੀ ਦਿਨੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਇੱਥੋਂ ਤੱਕ ਹੈ ਕਿ ਪਿੰਡਾਂ ਵਿੱਚੋਂ ਟਰਾਲੀਆਂ ਅਤੇ ਬੱਸਾਂ ਭਰਕੇ ਲੋਕ ਸਿਨੇਮਾਘਰਾਂ ਵਿੱਚ ਪਹੁੰਚ ਰਹੇ ਹਨ, ਇਸੇ ਤਰ੍ਹਾਂ ਫ਼ਿਲਮ ਬੀਬੀ ਰਜਨੀ ਨੂੰ ਵੇਖਣ ਲਈ ਅੱਜ ਫਿਰੋਜ਼ਪੁਰ ਤੋਂ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼ੈਲੀ ਕੰਬੋਜ ਦੇ ਨੇਕ ਉਪਰਾਲੇ ਸਦਕਾ ਭਗਤ ਪੂਰਨ ਸਿੰਘ ਸਕੂਲ ਫਾਰ ਦੀ ਡੈਫ਼ ਦੇ 40 ਦੇ ਕਰੀਬ ਵਿਦਿਆਰਥੀਆਂ ਨੇ ਆਪਣੇ ਅੰਦਾਜ਼ ਵਿੱਚ ਫ਼ਿਲਮ ਦਾ ਆਨੰਦ ਮਾਣਿਆ, ਇਨ੍ਹਾਂ ਬੱਚਿਆਂ ਵਿੱਚ ਕੁਝ ਬੱਚੇ ਸੁਣ ਨਹੀਂ ਸਕਦੇ ਹਨ ਅਤੇ ਕੁਝ ਦੇਖ – ਬੋਲ ਨਹੀਂ ਸਕਦੇ, ਤਾਂ ਵੀ ਇਹਨਾਂ ਬੱਚਿਆਂ ਦੇ ਮਨ ਦੀ ਇੱਛਾ ਸੀ ਕਿ ਉਹ ਇਸ ਫ਼ਿਲਮ ਦਾ ਆਨੰਦ ਮਾਣ ਸਕਣ, ਇਸ ਕਾਰਜ ਨੂੰ ਸੰਭਵ ਕਰਨ ਲਈ ਸਕੂਲ ਦੀਆਂ ਅਧਿਆਪਕਾਵਾਂ ਨੇ ਵਿਸ਼ੇਸ਼ ਰੋਲ ਅਦਾ ਕੀਤਾ ਅਤੇ ਬੱਚਿਆਂ ਨੂੰ ਫ਼ਿਲਮ ਦੇ ਸੀਨ ਇਸ਼ਾਰਿਆਂ ਨਾਲ ਸਮਝਾਏ, ਤਾਂ ਕਿ ਬੱਚੇ ਵੀ ਫ਼ਿਲਮ ਦੀ ਕਹਾਣੀ ਨਾਲ ਖੁਦ ਨੂੰ ਜੁੜਿਆ ਹੋਇਆ ਮਹਿਸੂਸ ਕਰਨ ਅਤੇ ਇਸਦੀ ਕਹਾਣੀ ਤੋਂ ਸਿੱਖਿਆ ਲੈ ਸਕਣ।

    ਕਾਬਿਲੇ ਜ਼ਿਕਰ ਹੈ ਕਿ ਭਗਤ ਪੂਰਨ ਸਿੰਘ ਸਕੂਲ ਫਾਰ ਦੀ ਡੈਫ਼ ਜੋ ਕਿ ਫਿਰੋਜ਼ਪੁਰ ਨਜ਼ਦੀਕ ਪਿੰਡ ਕਟੋਰਾ ਵਿਖੇ ਪਿੰਗਲਵਾੜਾ ਸੁਸਾਇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਅਧੀਨ ਚੱਲ ਰਿਹਾ ਹੈ, ਜਿੱਥੇ ਇਨ੍ਹਾਂ ਬੱਚਿਆਂ ਨੂੰ ਮੁਫ਼ਤ ਸਿੱਖਿਆ ਮੁੱਹਈਆ ਕਰਵਾਈ ਜਾਂਦੀ ਹੈ, ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਹਰਵਿੰਦਰ ਕੌਰ ਦਾ ਕਹਿਣਾ ਸੀ ਕਿ ਇਹਨਾਂ ਬੱਚਿਆਂ ਨੇ ਅੱਜ ਪਹਿਲੀ ਵਾਰ ਸਿਨੇਮਾਘਰ ਆਕੇ ਕਿਸੇ ਫ਼ਿਲਮ ਦਾ ਆਨੰਦ ਮਾਣਿਆ ਹੈ, ਫ਼ਿਲਮ ਦੀ ਕਹਾਣੀ ਤੋਂ ਇਹ ਬੱਚੇ ਵੀ ਇਹੀ ਸਿੱਖਣਗੇ ਕਿ ਅਗਰ ਰੱਬ ਤੇ ਭਰੋਸਾ ਕੀਤਾ ਜਾਵੇ ਤਾਂ ਉਹ ਹਰ ਹਾਲ ਵਿੱਚ ਸਹਾਈ ਹੁੰਦਾ ਹੈ, ਇਸਦੇ ਨਾਲ ਹੀ ਉਹਨਾਂ ਲੋਕਾਂ ਨੂੰ ਵੀ ਸੁਨੇਹਾ ਦਿੱਤਾ ਕਿ ਅਗਰ ਕੋਈ ਵੀ ਬੱਚਾ ਜਿਹੜਾ ਸੁਣ, ਦੇਖ ਜਾਂ ਫਿਰ ਬੋਲ ਨਹੀਂ ਸਕਦਾ ਉਸਨੂੰ ਘਰ ਬੈਠਾ ਕੇ ਉਸਦਾ ਜੀਵਨ ਖਰਾਬ ਨਾ ਕਰੋ, ਇਸ ਸਕੂਲ ਵੱਲੋਂ ਉਹਨਾਂ ਬੱਚਿਆਂ ਨੂੰ ਮੁਫ਼ਤ ਸਿੱਖਿਆ ਅਤੇ ਜੀਵਨ ਜਾਂਚ ਮਿਲੇਗੀ ਜਿਸ ਨਾਲ ਉਹ ਵੀ ਸਮਾਜ ਦੇ ਅੰਦਰ ਆਪਣਾ ਮੁਕਾਮ ਹਾਸਲ ਕਰ ਸਕਣਗੇ।ਉਹਨਾਂ ਦੱਸਿਆ ਕਿ ਸਕੂਲ ਦੇ ਹੀ ਅਧਿਆਪਕਾ ਹਰਲੀਨ ਕੌਰ ਜੋ ਕਿ ਖੁਦ ਸੁਣ ਨਹੀਂ ਸਕਦੇ, ਫਿਰ ਵੀ ਆਪਣੀ ਸਿੱਖਿਆ ਅਤੇ ਗਿਆਨ ਦੇ ਸਦਕਾ ਅੱਜ ਦੂਜੇ ਬੱਚਿਆਂ ਲਈ ਪ੍ਰੇਰਣਾ ਬਣੇ ਹਨ।