ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਮਸ਼ਹੂਰ ਟ੍ਰੈਕਿੰਗ ਸਪਾਟ ਟ੍ਰਿਉਂਡ ਵਿਖੇ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਬ੍ਰਿਟਿਸ਼ ਸੈਲਾਨੀ ਦੀ ਮੌਤ ਹੋ ਗਈ ਜਦੋਂ ਕਿ ਉਸ ਦਾ ਸਾਥੀ ਜ਼ਖ਼ਮੀ ਹੋ ਗਿਆ। ਪੁਲਿਸ ਅਨੁਸਾਰ ਮ੍ਰਿਤਕ ਦੀ ਪਛਾਣ ਹਾਵਰਡ ਥਾਮਸ ਹੈਰੀ (27) ਵਜੋਂ ਹੋਈ ਹੈ, ਜਦੋਂ ਕਿ ਜ਼ਖ਼ਮੀ ਸੈਲਾਨੀ ਰੌਬਰਟ ਜੌਹਨ ਐਮਰਟਨ (27) ਦਾ ਧਰਮਸ਼ਾਲਾ ਦੇ ਜ਼ੋਨਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਕਾਂਗੜਾ ਦੀ ਪੁਲਿਸ ਸੁਪਰਡੈਂਟ ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਦੋਵੇਂ ਵਿਦੇਸ਼ੀ ਨਾਗਰਿਕ ਟ੍ਰਾਈਂਡ ਟ੍ਰੈਕਿੰਗ ‘ਤੇ ਗਏ ਸਨ, ਪਰ ਖੱਡ ‘ਚ ਡਿੱਗਣ ਕਾਰਨ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਐਸਡੀਆਰਐਫ਼ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਚਲਾਇਆ ਪਰ ਬਦਕਿਸਮਤੀ ਨਾਲ ਧਰਮਸ਼ਾਲਾ ਪਹੁੰਚਣ ਤੋਂ ਪਹਿਲਾਂ ਹੀ ਹਾਵਰਡ ਦੀ ਮੌਤ ਹੋ ਗਈ।
ਪੁਲਿਸ ਅਨੁਸਾਰ ਦੋਵੇਂ ਵਿਦੇਸ਼ੀ ਨਾਗਰਿਕ ਬ੍ਰਿਟੇਨ ਦੇ ਵਸਨੀਕ ਸਨ ਅਤੇ ਟੂਰਿਸਟ ਵੀਜ਼ੇ ‘ਤੇ ਭਾਰਤ ਆਏ ਸਨ। ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ। ਹਰ ਸਾਲ ਵੱਡੀ ਗਿਣਤੀ ‘ਚ ਵਿਦੇਸ਼ੀ ਅਤੇ ਭਾਰਤੀ ਸੈਲਾਨੀ ਧਰਮਸ਼ਾਲਾ ਅਤੇ ਟ੍ਰਿੰਡ ਟ੍ਰੈਕ ‘ਤੇ ਆਉਂਦੇ ਹਨ।