ਚੰਡੀਗੜ੍ਹ ਮੇਅਰ ਚੋਣ ਵਿੱਚ ਭਾਜਪਾ ਦੀ ਜਿੱਤ ਮਗਰੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਾਂਝੇ ਉਮੀਦਵਾਰ ਕੁਲਦੀਪ ਕੁਮਾਰ ਨੇ ਤੁਰੰਤ ਹਾਈ ਕੋਰਟ ਦਾ ਰੁਖ਼ ਕਰ ਦਿੱਤਾ। ਇਸ ਵਿੱਚ ਅਪੀਲ ਕਰਦਿਆਂ ਕਿਹਾ ਕਿ ਇਹ ਚੋਣ ਗਲਤ ਸੀ। ਉਨ੍ਹਾਂ ਦੀਆਂ 8 ਵੋਟਾਂ ਅਯੋਗ ਕਰਾਰ ਦਿੱਤੀਆਂ ਗਈਆਂ ਅਤੇ ਇਸ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ।
ਕੁਲਦੀਪ ਕੁਮਾਰ ਦੀ ਤਰਫੋਂ ਸੀਨੀਅਰ ਐਡਵੋਕੇਟ ਗੁਰਮਿੰਦਰ ਸਿੰਘ ਨੇ ਦੁਪਹਿਰ 2.15 ਵਜੇ ਹਾਈਕੋਰਟ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੀ ਪਟੀਸ਼ਨ ‘ਤੇ ਤੁਰੰਤ ਸੁਣਵਾਈ ਕੀਤੀ ਜਾਵੇ ਅਤੇ ਇਸ ਚੋਣ ਦਾ ਰਿਕਾਰਡ ਸੀਲ ਕੀਤਾ ਜਾਵੇ, ਇਹ ਲੋਕਤੰਤਰ ਦਾ ਸਿੱਧਾ ਕਤਲ ਹੈ। ਪਰ ਹਾਈ ਕੋਰਟ ਨੇ ਅੱਜ ਇਸ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਬੁੱਧਵਾਰ ਸਵੇਰੇ ਇਸ ਪਟੀਸ਼ਨ ‘ਤੇ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ।
ਦੂਜੇ ਪਾਸੇ ਰਾਜ ਸਭਾ ਮੈਂਬਰ ਰਾਘਵ ਚੱਢਾ ਚੰਡੀਗੜ੍ਹ ਦੇ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਆਗੂ ਪਵਨ ਕੁਮਾਰ ਬਾਂਸਲ ਨਾਲ ਪੰਜਾਬ ਰਾਜ ਭਵਨ ਜਾਣਗੇ ਅਤੇ ਚੰਡੀਗੜ੍ਹ ਮੇਅਰ ਦੀ ਚੋਣ ਪ੍ਰਕਿਰਿਆ ਵਿੱਚ ਨਿਯਮਾਂ ਦੀ ਉਲੰਘਣਾ ਸਬੰਧੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਨਗੇ।
ਦੱਸ ਦੇਈਏ ਕਿ ਭਾਜਪਾ ਕੌਂਸਲਰ ਮਨੋਜ ਸੋਨਕਰ ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਬਣ ਗਏ ਹਨ। ਉਨ੍ਹਾਂ ਨੇ ‘ਆਪ’-ਕਾਂਗਰਸ ਦੇ I.N.D.I.A ਉਮੀਦਵਾਰ ਕੁਲਦੀਪ ਟੀਟਾ ਨੂੰ 4 ਵੋਟਾਂ ਨਾਲ ਹਰਾਇਆ। ਮੇਅਰ ਦੀ ਚੋਣ ਲਈ ਸੰਸਦ ਮੈਂਬਰਾਂ ਅਤੇ 35 ਕੌਂਸਲਰਾਂ ਨੇ ਆਪਣੀ ਵੋਟ ਪਾਈ, ਜਿਨ੍ਹਾਂ ਵਿੱਚੋਂ ਭਾਜਪਾ ਦੇ ਮਨੋਜ ਨੂੰ 16 ਅਤੇ ‘ਆਪ’-ਕਾਂਗਰਸ ਦੇ ਉਮੀਦਵਾਰ ਨੂੰ 12 ਵੋਟਾਂ ਮਿਲੀਆਂ, ਜਦਕਿ 8 ਵੋਟਾਂ ਗਿਣਤੀ ਵਿੱਚ ਸ਼ਾਮਲ ਨਹੀਂ ਹੋਈਆਂ। ਹਾਲਾਂਕਿ, ਇਹ ਅਯੋਗ ਸੀ ਜਾਂ ਕੋਈ ਹੋਰ ਕਾਰਨ ਸੀ, ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਜ਼ਿਕਰਯੋਗ ਹੈ ਕਿ ਮੇਅਰ ਸਣੇ ਤਿੰਨੋਂ ਸੀਟਾਂ ‘ਤੇ ਭਾਜਪਾ ਨੇ ਕਬਜ਼ਾ ਕੀਤਾ ਹੈ। ਚੰਡੀਗੜ੍ਹ ਸੀਨੀਅਰ ਡਿਪਟੀ ਮੇਅਰ ਦੀ ਕੁਰਸੀ ‘ਤੇ ਵੀ ਭਾਜਪਾ ਦੇ ਕੁਲਜੀਤ ਸਿੰਘ ਸੰਧੂ ਹੀ ਕਾਬਤ ਹੋਏ ਹਨ ਅਤੇ ਇਸੇ ਪਾਰਟੀ ਦੇ ਰਾਜਿੰਦਰ ਸ਼ਰਮਾ ਡਿਪਟੀ ਮੇਅਰ ਬਣੇ ਹਨ।