ਪੰਜਾਬ ਵਿੱਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ 24 ਘੰਟਿਆਂ ਵਿੱਚ ਔਸਤਨ 1.4 ਡਿਗਰੀ ਸੈਲਸੀਅਸ ਵਧਿਆ ਹੈ, ਜਦੋਂ ਕਿ ਇਹ ਆਮ ਨਾਲੋਂ 2.5 ਡਿਗਰੀ ਸੈਲਸੀਅਸ ਵੱਧ ਹੈ। ਵੈਸਟਰਨ ਡਿਸਟਰਬੈਂਸ ਪਾਕਿਸਤਾਨ ਵਿੱਚ ਸਰਗਰਮ ਹੋ ਗਿਆ ਹੈ, ਪਰ ਪੰਜਾਬ ਅਤੇ ਮੈਦਾਨੀ ਇਲਾਕਿਆਂ ਵਿੱਚ ਇਸ ਦਾ ਅਸਰ ਦਿਖਾਈ ਨਹੀਂ ਦੇਵੇਗਾ।

    ਆਉਣ ਵਾਲੇ ਦਿਨਾਂ ‘ਚ ਤਾਪਮਾਨ ‘ਚ ਵਾਧਾ ਹੋਵੇਗਾ। ਸੂਬੇ ‘ਚ ਤਾਪਮਾਨ 35 ਡਿਗਰੀ ਨੂੰ ਪਾਰ ਕਰ ਗਿਆ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 36.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਵਧਦੀ ਗਰਮੀ ਦਾ ਸੰਕੇਤ ਹੈ। ਜੇਕਰ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਤਾਪਮਾਨ ‘ਤੇ ਨਜ਼ਰ ਮਾਰੀਏ ਤਾਂ ਅੰਮ੍ਰਿਤਸਰ ‘ਚ 32.7 ਡਿਗਰੀ ਸੈਲਸੀਅਸ, ਲੁਧਿਆਣਾ ‘ਚ 34.5 ਡਿਗਰੀ ਸੈਲਸੀਅਸ, ਪਟਿਆਲਾ ‘ਚ 35.1 ਡਿਗਰੀ ਸੈਲਸੀਅਸ, ਫ਼ਰੀਦਕੋਟ ‘ਚ 33.6 ਡਿਗਰੀ ਸੈਲਸੀਅਸ ਅਤੇ ਫ਼ਤਿਹਗੜ੍ਹ ਸਾਹਿਬ ‘ਚ 33.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।

    ਮੌਸਮ ਵਿਭਾਗ ਮੁਤਾਬਕ ਅਗਲੇ 48 ਘੰਟਿਆਂ ਦੌਰਾਨ ਤਾਪਮਾਨ 3 ਤੋਂ 5 ਡਿਗਰੀ ਤੱਕ ਵਧਣ ਦੀ ਸੰਭਾਵਨਾ ਹੈ। ਇਸ ਕਾਰਨ ਸੂਬੇ ‘ਚ ਤੇਜ਼ ਗਰਮੀ ਪੈ ਸਕਦੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪਹਿਲਾਂ ਹੀ ਅਲਰਟ ਕੀਤਾ ਹੋਇਆ ਹੈ ਕਿ ਇਸ ਵਾਰ ਗਰਮੀ ਸਾਰੇ ਪੁਰਾਣੇ ਰਿਕਾਰਡ ਤੋੜ ਦੇਵੇਗੀ।