ਜੈਪੁਰ ਵਿਚ ਇਕ ਅਮਰੀਕੀ ਮਹਿਲਾ ਨਾਲ 6 ਕਰੋੜ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗ ਨੇ ਮਹਿਲਾ ਨੂੰ 6 ਕਰੋੜ ਦੇ ਨਕਲੀ ਗਹਿਣੇ ਵਿਚ ਵੇਚ ਦਿੱਤਾ। ਨਾਲ ਹੀ ਗਹਿਣਿਆਂ ਨੂੰ ਅਸਲੀ ਹੋਣ ਦਾ ਦਾਅਵਾ ਕਰਨ ਵਾਲਾ ਫਰਜ਼ੀ ਸਰਟੀਫਿਕੇਟ ਵੀ ਦੇ ਦਿੱਤਾ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮਹਿਲਾ ਜਦੋਂ ਤੱਕ ਭਾਰਤ ਵਿਚ ਰਹੀ ਉਸ ਨੂੰ ਠੱਗੀ ਦਾ ਅਹਿਸਾਸ ਤੱਕ ਨਹੀਂ ਹੋਇਆ। ਮਹਿਲਾ ਜਦੋਂ ਅਮਰੀਕਾ ਪਹੁੰਚੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨੇ ਜੋ ਗਹਿਣੇ ਜੈਪੁਰ ਤੋਂ ਖਰੀਦੇ ਹਨ, ਸਾਰੇ ਨਕਲੀ ਹਨ। ਇਸ ਦੇ ਬਾਅਦ ਮਹਿਲਾ ਦੁਬਾਰਾ ਜੈਪੁਰ ਆਈ ਤੇ ਪੁਲਿਸ ਵਿਚ ਸ਼ਿਕਾਇਤ ਕੀਤੀ।ਅਮਰੀਕੀ ਦੂਤਾਵਾਸ ਨੂੰ ਇਸ ਮਾਮਲੇ ਵਿਚ ਦਖਲ ਦੇਣਾ ਪਿਆ ਹੈ। ਫਰਜ਼ੀ ਸਰਟੀਫਿਕੇਟ ਦੇਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੀੜਤ ਦਾ ਨਾਂ ਚੈਰਿਸ਼ ਹੈ। ਉਸ ਨੇ ਜੈਪੁਰ ਦੇ ਮਨਾਕ ਚੌਕ ਥਾਣਾ ਇਲਾਕੇ ਦੇ ਜੌਹਰੀ ਬਾਜ਼ਾਰ ਸਥਿਤ ਇਕ ਦੁਕਾਨ ਤੋਂ ਨਕਲੀ ਗਹਿਣੇ ਖਰੀਦੇ ਸਨ। ਦੁਕਾਨਦਾਰ ਤੇ ਉਸ ਦਾ ਪੁੱਤਰ ਫਰਾਰ ਹੋ ਗਏ ਹਨ। ਮਹਿਲਾ ਨੇ ਅਪ੍ਰੈਲ ਮਹੀਨੇ ਵਿਚ ਅਮਰੀਕਾ ਵਿਚ ਇਕ ਪ੍ਰਦਰਸ਼ਨੀ ਵਿਚ ਜਦੋਂ ਇਨ੍ਹਾਂ ਗਹਿਣਿਆਂ ਨੂੰ ਦਿਖਾਇਆ ਉਦੋਂ ਪਤਾ ਲੱਗਾ ਕਿ ਇਹ ਨਕਲੀ ਹਨ। ਨਕਲੀ ਗਹਿਣਿਆਂ ਦੀ ਕੀਮਤ 300 ਤੋਂ 600 ਰੁਪਏ ਤੱਕ ਦੱਸੀ ਜਾ ਰਹੀ ਹੈ।

    ਸੂਤਰਾਂ ਮੁਤਾਬਕ ਪੀੜਤਾ ਜਦੋਂ ਅਮਰੀਕਾ ਤੋਂ ਵਾਪਸ ਪਰਤੀ ਤਾਂ ਸਭ ਤੋਂ ਪਹਿਲਾਂ ਦੁਕਾਨ ਮਾਲਕ ਰਜੇਂਦਰ ਸੋਨੀ ਤੇ ਉਸ ਦੇ ਪੁੱਤਰ ਗੌਰਵ ਨੂੰ ਸ਼ਿਕਾਇਤ ਕੀਤੀ। ਇਸ ‘ਤੇ ਮੁਲਜ਼ਮ ਭੜਕ ਗਏ। ਉਨ੍ਹਾਂ ਨੇ ਨਕਲੀ ਗਹਿਣੇ ਵੇਚਣ ਦੀ ਗੱਲ ਨਹੀਂ ਮੰਨੀ। ਇਸ ਦੇ ਬਾਅਦ ਪੀੜਤਾ ਪੁਲਿਸ ਕੋਲ ਪਹੁੰਚੀ ਤੇ 18 ਮਈ ਨੂੰ ਮੁਲਜ਼ਮਾਂ ਖਿਲਾਫ ਸ਼ਿਕਾਇਤ ਦਰਜ ਕਰਾਈ। ਇਸ ਦੇ ਬਾਅਦ ਮੁਲਜ਼ਮ ਦੁਕਾਨਦਾਰ ਵੱਲੋਂ ਮਾਮਲਾ ਦਰਜ ਕਰਾਇਆ ਗਿਆ। ਆਖਿਰਕਾਰ ਮਹਿਲਾ ਨੇ ਅਮਰੀਕੀ ਦੂਤਾਵਾਸ ਤੋਂ ਮਦਦ ਮੰਗੀ ਤਾਂ ਉਸ ਨੇ ਦਖਲ ਦਿੱਤਾ।ਇਸ ਮਾਮਲੇ ਵਿਚ ਅਮਰੀਕੀ ਦੂਤਾਵਾਸ ਦੇ ਦਖਲ ਦੇਣ ਦੇ ਬਾਅਦ ਜੈਪੁਰ ਪੁਲਿਸ ਐਕਟਿਵ ਹੋਈ ਤੇ ਛਾਣਬੀਣ ਸ਼ੁਰੂ ਕੀਤੀ। ਆਖਿਰਕਾਰ ਪੁਲਿਸ ਨੇ ਇਸ ਫਰਜ਼ੀਵਾੜੇ ਨੂੰ ਫੜ ਲਿਆ। ਪੁਲਿਸ ਅਧਿਕਾਰੀ ਮੁਤਾਬਕ ਮੁਲਜ਼ਮਾਂ ਨੇ 300 ਰੁਪਏ ਦੀ ਸੋਨੇ ਦੀ ਪਾਲਿਸ਼ ਕੀਤੀ ਗਈ ਨਕਲੀ ਜਿਊਲਰੀ ਨੂੰ 6 ਕਰੋੜ ਰੁਪਏ ਵਿਚ ਵੇਚਿਆ ਸੀ। ਮੁਲਜ਼ਮਾਂ ਨੇ ਜਿਊਲਰੀ ਵਿਚ ਜੜ੍ਹੇ ਪੱਥਰਾਂ ਨੂੰ ਹੀਰਾ ਦੱਸਿਆ ਸੀ। ਮੁਲਜ਼ਮਾਂ ਨੇ ਠੱਗੀ ਵਿਚ ਮਿਲੀ ਰਕਮ ਦਾ ਇਸਤੇਮਾਲ ਫਲੈਟ ਖਰੀਦਣ ਵਿਚ ਕੀਤਾ। ਇਸ ਫਲੈਟ ਦੀ ਕੀਮਤ 3 ਕਰੋੜ ਰੁਪਏ ਦੱਸੀ ਗਈ ਹੈ।