ਦੁਨੀਆਂ ਕੁਝ ਸਮਾਂ ਪਹਿਲਾਂ ਕੋਵਿਡ-19 ਵਾਇਰਸ ਦੇ ਖਤਰੇ ਤੋਂ ਬਾਹਰ ਆਈ ਸੀ, ਪਰ ਹੁਣ ਇੱਕ ਨਵਾਂ ਵਾਇਰਸ ਚਿੰਤਾ ਦਾ ਕਾਰਨ ਬਣ ਗਿਆ ਹੈ। ਇਸ ਵਾਇਰਸ ਨੂੰ ਮੰਕੀਪਾਕਸ ਕਿਹਾ ਜਾਂਦਾ ਹੈ, ਜਿਸ ਦੇ ਸੰਬੰਧ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਗਲੋਬਲ ਪਬਲਿਕ ਹੈਲਥ ਐਮਰਜੈਂਸੀ ਦਾ ਐਲਾਨ ਕੀਤਾ ਹੈ। ਸਿਹਤ ਏਜੰਸੀ ਨੇ ਇਸ ਨੂੰ ‘ਗ੍ਰੇਡ 3 ਐਮਰਜੈਂਸੀ’ ਦੇ ਤੌਰ ‘ਤੇ ਦਰਜ ਕੀਤਾ ਹੈ, ਜਿਸ ਦਾ ਅਰਥ ਹੈ ਕਿ ਇਸ ’ਤੇ ਤੁਰੰਤ ਧਿਆਨ ਦੇਣ ਦੀ ਜ਼ਰੂਰਤ ਹੈ। ਜਨਵਰੀ 2023 ਤੋਂ ਹੁਣ ਤੱਕ 27,000 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਲਗਭਗ 1100 ਮੌਤਾਂ ਦਰਜ ਕੀਤੀਆਂ ਗਈਆਂ ਹਨ। ਕਾਂਗੋ ਦੇ ਕੁਝ ਹਿੱਸਿਆਂ ਤੋਂ ਇਲਾਵਾ, ਇਹ ਵਾਇਰਸ ਹੁਣ ਪੂਰਬੀ ਕਾਂਗੋ ਤੋਂ ਰਵਾਂਡਾ, ਯੂਗਾਂਡਾ, ਬੁਰੂੰਡੀ ਅਤੇ ਕੀਨੀਆ ਤੱਕ ਫੈਲ ਗਿਆ ਹੈ।
ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਹੁਣ ਤੱਕ 100 ਤੋਂ ਵੱਧ ਦੇਸ਼ਾਂ ਵਿੱਚ ਇਸ ਵਾਇਰਸ ਦੇ ਪੀੜਤ ਪਾਏ ਗਏ ਹਨ। ਹੁਣ ਤੱਕ ਐਮਪਾਕਸ ਵਾਇਰਸ ਦੇ ਕੇਸ ਸਿਰਫ ਅਫਰੀਕਾ ਵਿੱਚ ਹੀ ਮਿਲਦੇ ਸਨ, ਪਰ ਹੁਣ ਇਸ ਦੇ ਕੇਸ ਅਫਰੀਕਾ ਤੋਂ ਬਾਹਰ ਵੀ ਸਾਹਮਣੇ ਆ ਰਹੇ ਹਨ। ਇਸ ਦਾ ਇੱਕ ਮਾਮਲਾ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਵੀ ਦਰਜ ਕੀਤਾ ਗਿਆ ਹੈ।ਪਬਲਿਕ ਹੈਲਥ ਏਜੰਸੀ ਨੇ ਇਹ ਪੁਸ਼ਟੀ ਕੀਤੀ ਹੈ ਕਿ ਇਹ ਵਾਇਰਸ ਦਾ ਉਹੀ ਸਟਰੇਨ ਹੈ, ਜੋ ਸਤੰਬਰ 2023 ਤੋਂ ਡੈਮੋਕਰੇਟਿਕ ਰੀਪਬਲਿਕ ਆਫ਼ ਕਾਂਗੋ ਵਿੱਚ ਵਧ ਰਿਹਾ ਹੈ ਅਤੇ ਇਸਨੂੰ ਕਲੇਡ 1ਬੀ ਸਬਕਲੇਡ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਕਾਂਗੋ ਲੋਕਤੰਤਰੀ ਗਣਰਾਜ ਮੱਧ ਅਫ਼ਰੀਕਾ ਵਿੱਚ ਸਥਿਤ ਹੈ, ਜੋ ਕਿ ਅਫ਼ਰੀਕਾ ਦਾ ਦੂਜਾ ਸਭ ਤੋਂ ਵੱਡਾ ਅਤੇ ਦੁਨੀਆ ਦਾ ਸਭ ਤੋਂ ਵੱਡਾ ਫਰੈਂਚ ਬੋਲਣ ਵਾਲਾ ਦੇਸ਼ ਹੈ। ਨਵਾਂ ਵਾਇਰਲ ਸਟਰੇਨ, ਜੋ ਪਹਿਲੀ ਵਾਰ ਸਤੰਬਰ 2023 ਵਿੱਚ ਸਾਹਮਣੇ ਆਇਆ ਸੀ, ਡੀਆਰਸੀ ਦੇ ਬਾਹਰ ਵੀ ਮਿਲਿਆ ਹੈ। ਸਵੀਡਨ ਦੀ ਪਬਲਿਕ ਹੈਲਥ ਏਜੰਸੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ‘ਸਟਾਕਹੋਮ’ ਵਿੱਚ ਇਲਾਜ ਲਈ ਆਏ ਇਕ ਵਿਅਕਤੀ ਵਿੱਚ ਕਲੇਡ 9 ਵੇਰੀਐਂਟ ਕਾਰਨ ਹੋਣ ਵਾਲੇ ਐਮਪਾਕਸ ਦਾ ਪਤਾ ਲੱਗਾ ਹੈ। ਅਫ਼ਰੀਕੀ ਮਹਾਂਦੀਪ ਦੇ ਬਾਹਰ ਕਲੇਡ 1 ਦਾ ਇਹ ਪਹਿਲਾ ਕੇਸ ਹੈ।
https://www.facebook.com/share/p/eth3geYwyHtj45gP/