ਪੁਲਿਸ ਦੀ ਮੁਸਤੈਦੀ ਕਾਰਨ ਅੰਮ੍ਰਿਤਸਰ ਵਿੱਚ ਇੱਕ ਗੈਂਗ ਵਾਰ ਹੋਣ ਤੋਂ ਟਲ ਗਿਆ ਹੈ। ਪੁਲਿਸ ਨੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਕੋਲੋਂ ਤਿੰਨ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ ਹਨ। ਫੜੇ ਗਏ ਮੁਲਜ਼ਮ ਆਪਣੇ ਵਿਰੋਧੀ ਗਰੁੱਪ ‘ਤੇ ਜਾਨਲੇਵਾ ਹਮਲਾ ਕਰਨ ਦੀ ਤਿਆਰੀ ਕਰ ਰਹੇ ਸਨ।  ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦਾ ਖ਼ੁਲਾਸਾ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਕੀਤਾ।

    ਪੁਲਿਸ ਕਮਿਸ਼ਨਰ ਨੇ ਦੱਸਿਆ ਹੈ ਕਿ ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਵੀਰਵਾਰ ਰਾਤ ਨੂੰ ਕਾਰਵਾਈ ਕਰਦੇ ਹੋਏ ਰਾਹੁਲ ਉਰਫ ਰੋਲਾ ਵਾਸੀ ਛੋਟਾ ਹਰੀਪੁਰਾ, ਕਰਨ ਸਿੰਘ ਉਰਫ ਟਿੰਡਾ ਵਾਸੀ ਛੋਟਾ ਹਰੀਪੁਰਾ, ਸੁਖਦੀਪ ਸਿੰਘ ਵਾਸੀ ਏਕਤਾ ਨਗਰ ਭੂਤਨਪੁਰਾ, ਅਭੈ ਸ਼ਰਮਾ ਵਾਸੀ ਨੀਵੀ ਅਬਾਦੀ ਕਿਸ਼ਨਕੋਟ ਇਸਲਾਮਾਬਾਦ, ਰਾਘਵ ਵਾਸੀ ਇਸਲਾਮਾਬਾਦ, ਰਮੇਸ਼ ਉਰਫ਼ ਅਰੁਣ ਵਾਸੀ ਏਕਤਾ ਨਗਰ ਛੋਟਾ ਹਰੀਪੁਰਾ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ ਦੋ 32 ਬੋਰ ਦੇ ਪਿਸਤੌਲ, 11 ਜਿੰਦਾ ਕਾਰਤੂਸ, ਇੱਕ 12 ਬੋਰ ਦਾ ਪਿਸਤੌਲ, ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਨੇ ਦੱਸਿਆ ਕਿ ਇਸ ਗਿਰੋਹ ਦਾ ਸਰਗਨਾ ਰਾਹੁਲ ਉਰਫ ਰੋਲਾ ਹੈ।ਇਸ ਗਿਰੋਹ ਵਿਰੁੱਧ ਹੁਸ਼ਿਆਰਪੁਰ ਜੇਲ੍ਹ ਅਤੇ ਅੰਮ੍ਰਿਤਸਰ ਜੇਲ੍ਹ ਵਿੱਚ ਗੈਂਗ ਵਾਰ ਅਤੇ ਕਤਲ ਦੀ ਕੋਸ਼ਿਸ਼ ਦੇ ਕੇਸ ਦਰਜ ਹਨ। ਇਸ ਗਿਰੋਹ ਦੇ ਮੁਖੀ ਵਿਰੁੱਧ ਅੰਮ੍ਰਿਤਸਰ, ਲੁਧਿਆਣਾ, ਗੁਰਦਾਸਪੁਰ ਅਤੇ ਫਤਹਿਗੜ੍ਹ ਸਾਹਿਬ ਵਿੱਚ ਲੁੱਟ-ਖੋਹ, ਚੋਰੀ, ਡਕੈਤੀ, ਕਤਲ ਦੀ ਕੋਸ਼ਿਸ਼ ਅਤੇ ਜੇਲ੍ਹ ਵਿੱਚ ਸ਼ਾਂਤੀ ਭੰਗ ਕਰਨ ਦੇ ਦੋਸ਼ਾਂ ਤਹਿਤ 12 ਕੇਸ ਦਰਜ ਹਨ। ਦੋਸ਼ੀ ਰਾਹੁਲ 8 ਸਾਲ ਤੋਂ ਜੇਲ੍ਹ ‘ਚ ਸੀ। ਉਹ ਦੋ ਮਹੀਨੇ ਪਹਿਲਾਂ ਸੰਗਰੂਰ ਜੇਲ੍ਹ ਵਿੱਚੋਂ ਜ਼ਮਾਨਤ ’ਤੇ ਰਿਹਾਅ ਹੋਇਆ ਸੀ।ਉਸ ਨੇ ਸ਼ਹਿਰ ਵਿੱਚ ਜੂਏ ਦਾ ਅੱਡਾ ਚਲਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਹਥਿਆਰ ਖਰੀਦਣੇ ਸ਼ੁਰੂ ਕਰ ਦਿੱਤੇ। ਆਪਣੇ ਗੈਂਗ ਵਿੱਚ ਨਵੇਂ ਮੈਂਬਰ ਸ਼ਾਮਲ ਕੀਤੇ। ਰਾਹੁਲ ਦੇ ਸਾਥੀ ਕਰਨ ਉਰਫ਼ ਟਿੰਡਾ ਖ਼ਿਲਾਫ਼ ਦੋ ਕੇਸ ਦਰਜ ਹਨ, ਸੁਖਦੀਪ ਸਿੰਘ ਖ਼ਿਲਾਫ਼ ਇਸਲਾਮਾਬਾਦ ਥਾਣੇ ਵਿੱਚ ਕੇਸ ਦਰਜ ਹੈ। ਇਸ ਤੋਂ ਇਲਾਵਾ ਹੋਰ ਮੁਲਜ਼ਮਾਂ ਖ਼ਿਲਾਫ਼ ਵੀ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਹਨ। ਮੁਲਜ਼ਮਾਂ ਨੂੰ ਪੁਲੀਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।