ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਦੇ ਜੰਗਲ ’ਚ ਇਕ 50 ਸਾਲ ਦੀ ਔਰਤ ਲੋਹੇ ਦੀ ਜ਼ੰਜੀਰ ਨਾਲ ਦਰੱਖਤ ਨਾਲ ਬੰਨ੍ਹੀ ਹੋਈ ਮਿਲੀ। ਉਸ ਕੋਲੋਂ ਤਾਮਿਲਨਾਡੂ ਦੇ ਪਤੇ ਵਾਲੇ ਅਮਰੀਕੀ ਪਾਸਪੋਰਟ ਦੀ ਫੋਟੋਕਾਪੀ ਅਤੇ ਤਾਮਿਲਨਾਡੂ ਦੇ ਪਤੇ ਵਾਲਾ ਆਧਾਰ ਕਾਰਡ ਸਮੇਤ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਇਕ ਪੁਲਿਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।ਔਰਤ ਦਾ ਨਾਮ ਲਲਿਤਾ ਕਾਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਉਸ ਦੇ ਪਤੀ ਨੇ ਉਸ ਨੂੰ ਮੁੰਬਈ ਤੋਂ ਲਗਭਗ 450 ਕਿਲੋਮੀਟਰ ਦੂਰ ਤੱਟਵਰਤੀ ਜ਼ਿਲ੍ਹੇ ਦੇ ਜੰਗਲ ਨਾਲ ਬੰਨ੍ਹ ਦਿਤਾ ਅਤੇ ਫਰਾਰ ਹੋ ਗਿਆ। ਇਕ ਅਧਿਕਾਰੀ ਨੇ ਦਸਿਆ ਕਿ ਔਰਤ ਕਮਜ਼ੋਰ ਵਿਖਾਈ ਦੇ ਰਹੀ ਸੀ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਤੋਂ ਪੀੜਤ ਸੀ। ਉਹ ਮੂਲ ਰੂਪ ’ਚ ਅਮਰੀਕਾ ਦੀ ਰਹਿਣ ਵਾਲੀ ਹੈ ਅਤੇ ਪਿਛਲੇ 10 ਸਾਲਾਂ ਤੋਂ ਤਾਮਿਲਨਾਡੂ ’ਚ ਰਹਿ ਰਹੀ ਸੀ। ਉਸ ਦਾ ਪਤੀ ਤਾਮਿਲਨਾਡੂ ਦਾ ਰਹਿਣ ਵਾਲਾ ਹੈ। ਉਨ੍ਹਾਂ ਕਿਹਾ ਕਿ ਸਿੰਧੂਦੁਰਗ ਪੁਲਿਸ ਦੀ ਇਕ ਟੀਮ ਉਸ ਦੇ ਆਧਾਰ ਕਾਰਡ ਵਿਚ ਦੱਸੇ ਪਤੇ ’ਤੇ ਭੇਜੀ ਗਈ ਹੈ ਤਾਂ ਜੋ ਉਸ ਦੇ ਰਿਸ਼ਤੇਦਾਰਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਕੇਂਦਰ ਸਰਕਾਰ ਵਲੋਂ ਜਾਰੀ ਦਸਤਾਵੇਜ਼ਾਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕੀਤੀ ਜਾ ਸਕੇ। ਸਿੰਧੂਦੁਰਗ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਸੌਰਭ ਅਗਰਵਾਲ ਨੇ ਕਿਹਾ, ‘‘ਅਸੀਂ ਉਸ ਕੋਲੋਂ ਬਰਾਮਦ ਸਾਰੇ ਦਸਤਾਵੇਜ਼ਾਂ ਦੀ ਪੁਸ਼ਟੀ ਕਰ ਰਹੇ ਹਾਂ। ਉਸ ਦਾ ਬਿਆਨ ਦਰਜ ਕਰਨ ਅਤੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਹੀ ਅਸੀਂ ਕਿਸੇ ਸਿੱਟੇ ’ਤੇ ਪਹੁੰਚ ਸਕਾਂਗੇ।’’
ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਸਬੰਧ ’ਚ ਅਜੇ ਤਕ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਸਨਿਚਰਵਾਰ ਸ਼ਾਮ ਨੂੰ ਮੁੰਬਈ ਤੋਂ ਕਰੀਬ 450 ਕਿਲੋਮੀਟਰ ਦੂਰ ਸੋਨੂਰਲੀ ਪਿੰਡ ’ਚ ਇਕ ਚਰਵਾਹੇ ਨੇ ਔਰਤ ਦੀਆਂ ਚੀਕਾਂ ਸੁਣੀਆਂ ਅਤੇ ਪੁਲਿਸ ਨੂੰ ਸੂਚਿਤ ਕੀਤਾ। ਅਧਿਕਾਰੀ ਨੇ ਦਸਿਆ, ‘‘ਔਰਤ ਨੂੰ ਸਾਵੰਤਵਾੜੀ (ਰਾਜ ਦੇ ਕੋਂਕਣ ਖੇਤਰ ਵਿਚ) ਲਿਜਾਇਆ ਗਿਆ ਅਤੇ ਫਿਰ ਸਿੰਧੂਦੁਰਗ ਦੇ ਓਰੋਸ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਦੀ ਮਾਨਸਿਕ ਅਤੇ ਸਿਹਤ ਸਥਿਤੀ ਨੂੰ ਵੇਖਦੇ ਹੋਏ ਉਸ ਨੂੰ ਬਿਹਤਰ ਇਲਾਜ ਲਈ ਗੋਆ ਮੈਡੀਕਲ ਕਾਲਜ ਰੈਫਰ ਕਰ ਦਿਤਾ ਗਿਆ ਹੈ।’’ਉਨ੍ਹਾਂ ਕਿਹਾ, ‘‘ਉਸ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਕਿਹਾ ਕਿ ਔਰਤ ਮਾਨਸਿਕ ਸਮੱਸਿਆਵਾਂ ਤੋਂ ਪੀੜਤ ਸੀ। ਸਾਨੂੰ ਉਸ ਤੋਂ ਇਕ ਡਾਕਟਰੀ ਤਜਵੀਜ਼ ਮਿਲੀ ਹੈ। ਔਰਤ ਫਿਲਹਾਲ ਖਤਰੇ ਤੋਂ ਬਾਹਰ ਹੈ।’’ਉਨ੍ਹਾਂ ਕਿਹਾ ਕਿ ਔਰਤ ਕੋਲੋਂ ਤਾਮਿਲਨਾਡੂ ਪਤੇ ਵਾਲਾ ਆਧਾਰ ਕਾਰਡ ਬਰਾਮਦ ਕੀਤਾ ਗਿਆ ਹੈ, ਉਸ ਦੇ ਕਬਜ਼ੇ ਤੋਂ ਸਾਨੂੰ ਉਸ ਦੇ ਅਮਰੀਕੀ ਪਾਸਪੋਰਟ ਦੀ ਫੋਟੋਕਾਪੀ ਵੀ ਮਿਲੀ ਹੈ। ਉਸ ਦਾ ਵੀਜ਼ਾ ਖਤਮ ਹੋ ਗਿਆ ਹੈ। ਔਰਤ ਦੀ ਪਛਾਣ ਤਾਮਿਲਨਾਡੂ ਦੀ ਲਲਿਤਾ ਕਾਈ ਵਜੋਂ ਹੋਈ ਹੈ।ਅਧਿਕਾਰੀ ਨੇ ਕਿਹਾ, ‘‘ਅਸੀਂ ਉਸ ਦੀ ਨਾਗਰਿਕਤਾ ਦੀ ਪੁਸ਼ਟੀ ਕਰਨ ਲਈ ਇਨ੍ਹਾਂ ਸਾਰੇ ਦਸਤਾਵੇਜ਼ਾਂ ਦੀ ਤਸਦੀਕ ਕਰ ਰਹੇ ਹਾਂ। ਪੁਲਿਸ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫਤਰ ਨਾਲ ਵੀ ਸੰਪਰਕ ’ਚ ਹੈ।’’ ਪੁਲਿਸ ਨੂੰ ਮਿਲੀ ਮੁੱਢਲੀ ਜਾਣਕਾਰੀ ਅਨੁਸਾਰ ਔਰਤ ਪਿਛਲੇ 10 ਸਾਲਾਂ ਤੋਂ ਭਾਰਤ ’ਚ ਰਹਿ ਰਹੀ ਹੈ।
ਅਧਿਕਾਰੀ ਨੇ ਇਕ ਬਿਆਨ ’ਚ ਕਿਹਾ ਕਿ ਔਰਤ ਬਿਆਨ ਦੇਣ ਦੀ ਸਥਿਤੀ ’ਚ ਨਹੀਂ ਹੈ। ਉਹ ਕਮਜ਼ੋਰ ਹੈ ਕਿਉਂਕਿ ਉਸ ਨੇ ਪਿਛਲੇ ਕੁੱਝ ਦਿਨਾਂ ਤੋਂ ਖਾਣਾ ਨਹੀਂ ਖਾਧਾ ਹੈ ਅਤੇ ਇਲਾਕੇ ’ਚ ਭਾਰੀ ਮੀਂਹ ਪਿਆ ਹੈ। ਉਨ੍ਹਾਂ ਕਿਹਾ, ‘‘ਸਾਨੂੰ ਨਹੀਂ ਪਤਾ ਕਿ ਉਹ ਕਿੰਨੀ ਦੇਰ ਤਕ ਉਸ ਰੁੱਖ ਨਾਲ ਬੰਨ੍ਹੀ ਹੋਈ ਸੀ। ਸਾਨੂੰ ਲਗਦਾ ਹੈ ਕਿ ਉਸ ਦਾ ਪਤੀ, ਜੋ ਤਾਮਿਲਨਾਡੂ ਦਾ ਰਹਿਣ ਵਾਲਾ ਹੈ, ਉਸ ਨੂੰ ਉੱਥੇ ਬੰਨ੍ਹ ਕੇ ਭੱਜ ਗਿਆ।’’ ਜਾਂਚ ਦੇ ਹਿੱਸੇ ਵਜੋਂ, ਪੁਲਿਸ ਦੀਆਂ ਕਈ ਟੀਮਾਂ ਉਸ ਦੇ ਰਿਸ਼ਤੇਦਾਰਾਂ ਆਦਿ ਨੂੰ ਲੱਭਣ ਲਈ ਤਾਮਿਲਨਾਡੂ, ਗੋਆ ਅਤੇ ਕੁੱਝ ਹੋਰ ਥਾਵਾਂ ’ਤੇ ਰਵਾਨਾ ਹੋਈਆਂ ਹਨ।