ਪਠਾਨਕੋਟ ‘ਚ ਪਿਛਲੇ ਇਕ ਹਫਤੇ ਤੋਂ ਤਿੰਨ ਸ਼ੱਕੀ ਵਿਅਕਤੀ ਘੁੰਮ ਰਹੇ ਹਨ। ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਤਿੰਨਾਂ ਸ਼ੱਕੀਆਂ ਦੀਆਂ ਫੋਟੋਆਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀਆਂ ਹਨ। 29 ਤੇ 30 ਜੂਨ ਦੀ ਦੱਸੀ ਜਾ ਰਹੀ ਹੈ ਫੋਟੋ। ਤਿੰਨਾਂ ਸ਼ੱਕੀਆਂ ਨੂੰ ਮੰਗਲਵਾਰ ਨੂੰ ਇਕ ਵਾਰ ਫਿਰ ਦੇਖਿਆ ਗਿਆ। ਤਿੰਨੋਂ ਫੌਜੀ ਵਰਦੀ ਵਿੱਚ ਘੁੰਮ ਰਹੇ ਹਨ।

    ਕਿਸੇ ਨੇ ਤਿੰਨਾਂ ਸ਼ੱਕੀਆਂ ਦੀਆਂ ਫੋਟੋਆਂ ਖਿੱਚ ਕੇ ਪੁਲਿਸ ਨੂੰ ਸੂਚਿਤ ਕੀਤਾ। ਫੋਟੋ ਵਾਇਰਲ ਹੁੰਦੇ ਹੀ ਥਾਣਾ ਨੰਗਲਭੂਰ ਦੀ ਪੁਲਿਸ ਵੀ ਚੌਕਸ ਹੋ ਗਈ। ਪੁਲੀਸ ਨੇ ਸ਼ੱਕੀ ਵਿਅਕਤੀਆਂ ਦੀ ਭਾਲ ਲਈ ਨੰਗਲਭੂਰ ਅੱਡੇ ਵਿਚ ਲੱਗੇ ਸੀ.ਸੀ.ਟੀ.ਵੀ. ਦੀ ਸਕੈਨਿੰਗ ਵੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਤੇ ਫੌਜ ਪਿਛਲੇ 8 ਦਿਨਾਂ ਤੋਂ ਉਨ੍ਹਾਂ ਦੀ ਭਾਲ ਕਰ ਰਹੀ ਹੈ ਪਰ ਅਜੇ ਤੱਕ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਾ। ਤਿੰਨੋਂ ਸ਼ੱਕੀ ਪੁਲਿਸ ਅਤੇ ਫੌਜ ਨੂੰ ਚਕਮਾ ਦੇ ਰਹੇ ਹਨ। ਇਸ ਤੋਂ ਪਹਿਲਾਂ ਐਤਵਾਰ ਰਾਤ ਨੂੰ ਸ਼ੱਕੀ ਵਿਅਕਤੀਆਂ ਨੂੰ ਗੁਰਦਾਸਪੁਰ ਦੇ ਦੀਨਾਨਗਰ ‘ਚ ਦੇਖਿਆ ਗਿਆ ਸੀ। ਦੀਨਾਨਗਰ ਪੁਲਿਸ ਨੇ ਤਲਾਸ਼ੀ ਮੁਹਿੰਮ ਵੀ ਚਲਾਈ ਪਰ ਕੁਝ ਨਹੀਂ ਮਿਲਿਆ।ਇਸ ਤੋਂ ਪਹਿਲਾਂ ਸਰਹੱਦੀ ਖੇਤਰ ਦੇ ਪਿੰਡ ਕੋਟ ਭੱਟੀਆਂ ਵਿਚ ਦੋ ਸ਼ੱਕੀ ਵਿਅਕਤੀ ਇਕ ਫਾਰਮ ਹਾਊਸ ਵਿਚ ਦਾਖ਼ਲ ਹੋਏ ਸਨ, ਜਿੱਥੇ ਉਹ ਖਾਣਾ ਖਾ ਕੇ ਫ਼ਰਾਰ ਹੋ ਗਏ।  ਤਿੰਨ ਦਿਨਾਂ ਬਾਅਦ ਪਿੰਡ ਕੀੜੀ ਗੰਡਿਆਲ ਵਿਚ ਲੋਕਾਂ ਨੇ ਮੁੜ ਸ਼ੱਕੀ ਵਿਅਕਤੀਆਂ ਨੂੰ ਦੇਖਿਆ।

    ਥਾਣਾ ਨੰਗਲਭੂਰ ਦੇ ਇੰਚਾਰਜ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਅੱਡਾ ਨੰਗਲਭੂਰ ‘ਚ ਤਿੰਨ ਸ਼ੱਕੀ ਵਿਅਕਤੀ ਦੇਖੇ ਗਏ ਹਨ, ਜਿਸ ਤੋਂ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਹਾਲਾਂਕਿ, ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਵੀ ਫੌਜ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਸ਼ੱਕੀ ਅਸਲ ਵਿਚ ਹਨ ਜਾਂ ਫੌਜ ਦੇ ਕਰਮਚਾਰੀ ਸਨ।