ਫ਼ਰੀਦਕੋਟ : (ਵਿਪਨ ਕੁਮਾਰ ਮਿਤੱਲ) ਫ਼ਰੀਦਕੋਟ ਸ਼ਹਿਰ ਵਿੱਚ ਅੱਜ ਉਸ ਵੇਲੇ ਨਸ਼ਿਆਂ ਖ਼ਿਲਾਫ਼ ਆਸਮਾਨ ਗੂੰਜ ਉੱਠਿਆ ਜਦੋਂ ਭਾਰੀ ਗਿਣਤੀ ਵਿੱਚ ਸਕੂਲੀ ਬੱਚਿਆਂ ਨੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡਾਂ ਖੇਡ ਕੇ ਅਤੇ ਰੰਗਾਰੰਗ ਪੋ੍ਗਰਾਮ ਵਿੱਚ ਸ਼ਮੂਲੀਅਤ ਉਪਰੰਤ ਟਿੱਲਾ ਬਾਬਾ ਫਰੀਦ ਤਕ ਜਾਗਰੂਕਤਾ ਰੈਲੀ ਕੱਢੀ। ਵਿਧਾਇਕ ਜੈਤੋ ਅਮੋਲਕ ਸਿੰਘ, ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਪਤਨੀ ਬੇਅੰਤ ਕੌਰ ਸੇਖੋਂ, ਆਈਜੀ ਫ਼ਰੀਦਕੋਟ ਰੇਂਜ ਗੁਰਸ਼ਰਨ ਸਿੰਘ ਸੰਧੂ, ਡਿਪਟੀ ਕਮਿਸ਼ਨਰ ਵਿਨੀਤ ਕੁਮਾਰ, ਐੱਸਐੱਸਪੀ ਹਰਜੀਤ ਸਿੰਘ ਤੋਂ ਇਲਾਵਾ ਡੀਈਓ ਮੇਵਾ ਸਿੰਘ, ਜ਼ਿਲ੍ਹਾ ਖੇਡ ਅਫਸਰ, ਬਲਜਿੰਦਰ ਸਿੰਘ, ਡੀਪੀਆਰਓ ਗੁਰਦੀਪ ਸਿੰਘ ਮਾਨ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।ਇਸ ਮੌਕੇ ਪੋ੍ਗਰਾਮ ਦੀ ਸ਼ੁਰੂਆਤ ਵਿੱਚ ਬਿੱਲਾ ਮਾਣੇਵਾਲੀਆ ਨੇ ਦੇਸ਼ ਭਗਤੀ ਅਤੇ ਨਸ਼ਿਆਂ ਨੂੰ ਜੜ੍ਹੋਂ ਪੁੱਟ ਸੁੱਟਣ ਲਈ ਪੇ੍ਰਿਤ ਕਰਨ ਵਾਲੇ ਗੀਤਾਂ ਨਾਲ ਸਮੂਹ ਹਾਜ਼ਰੀਨ ਨੂੰ ਪੰਜਾਬ ਸਰਕਾਰ ਦੀ ਇਸ ਮੁਹਿੰਮ ਉਡਾਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਲਈ ਸੱਦਾ ਦਿੱਤਾ। ਇਸ ਉਪਰੰਤ ਸਕੂਲੀ ਬੱਚੀਆਂ ਵੱਲੋਂ ਇਕ ਵਾਲੀਬਾਲ ਦਾ ਮੈਚ ਵੀ ਖੇਡਿਆ ਗਿਆ।
ਇਸ ਮੌਕੇ ਖਿਡਾਰੀਆਂ ਨੇ ਸਰਵਿਸ, ਸਮੈਸ਼, ਅੰਡਰ/ਅੱਪਰ ਹੈਂਡ ਪਾਸ, ਕਰਾਸ ਕੋਰਟ ਸ਼ਾਟ, ਕੱਟ ਸ਼ਾਟ, ਵੌਲੀ ਦੇ ਜੌਹਰ ਦਿਖਾਏ ਅਤੇ ਦਰਸ਼ਕਾਂ ਤੋਂ ਤਾੜੀਆਂ ਦੇ ਰੂਪ ਵਿੱਚ ਵਾਹ-ਵਾਹੀ ਖੱਟੀ। ਇਸ ਉਪਰੰਤ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਅਗਵਾਈ ਕਰ ਰਹੇ ਅਧਿਕਾਰੀਆਂ ਨੇ ਬੱਚਿਆਂ ਨੂੰ ਖੇਡਾਂ ਦੀਆਂ ਕਿੱਟਾਂ ਜਿਵੇਂ ਕਿ ਐਥਲੈਟਿਕਸ ਬੂਟ ਅਤੇ ਟੀ ਸ਼ਰਟਾਂ ਦੇ ਕੇ ਹੌਸਲਾ ਅਫਜਾਈ ਕੀਤੀ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਪਤਨੀ ਬੇਅੰਤ ਕੌਰ ਸੇਖੋਂ ਨੇ ਪੁਲਿਸ ਨੂੰ ਸੁਝਾਅ ਦਿੱਤੇ ਅਤੇ ਕਿਹਾ ਕਿ ਸਕੂਲਾਂ ਅਤੇ ਹੋਰ ਜਨਤਕ ਥਾਵਾਂ ‘ਤੇ ਸੁਝਾਅ ਬਕਸੇ ਰੱਖਣੇ ਚਾਹੀਦੇ ਹਨ ਤਾਂ ਜੋ ਨਸ਼ੇ ਦੇ ਖਾਤਮੇ ਸਬੰਧੀ ਢੁੱਕਵੇਂ ਉਪਰਾਲੇ ਕੀਤੇ ਜਾ ਸਕਣ ਅਤੇ ਨਸ਼ੇ ਨਾ ਕਰਨ ਸਬੰਧੀ ਸਹੁੰ ਵੀ ਚੁੱਕੀ ਗਈ।