ਫਿਰੋਜ਼ਪੁਰ ( ਜਤਿੰਦਰ ਪਿੰਕਲ ) ਪਸ਼ੂ ਪਾਲਣ ਵਿਭਾਗ ਵਿਚ ਪਿਛਲੇ 18 ਸਾਲ ਤੋ ਕੰਮ ਕਰਦੇ ਆ ਰਹੇ ਵੈਟਰਨਰੀ ਫਾਰਮਾਸਿਸਟ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ 4 ਨਵੰਬਰ ਤੋ ਗਿੱਦੜਬਾਹਾ ਵਿਖੇ ਭਗਵੰਤ ਮਾਨ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨਗੇ। ਇਸ ਸਬੰਧੀ ਜਥੇਬੰਦੀ ਦੇ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ
ਪਹਿਲੇ ਦਿਨ ਰੈਲੀ ਤੋ ਬਾਅਦ ਧਰਨਾ ਸ਼ੁਰੂ ਕੀਤਾ ਜਾਵੇਗਾ ਅਤੇ ਉਸ ਤੋ ਬਾਅਦ ਹਲਕੇ ਵਿੱਚ ਡੋਰ ਟੁ ਡੋਰ ਜਾ ਕੇ ਸਰਕਾਰ ਦੀਆਂ ਨਾਕਾਮੀਆਂ ਦੀ ਪੋਲ ਖੋਲ੍ਹੀ ਜਾਵੇਗੀ।
ਇੱਥੇ ਜਿਕਰਯੋਗ ਹੈ ਕਿ 27 ਜੂਨ ਅਤੇ 1 ਜੁਲਾਈ 2024 ਨੂੰ ਲਗਾਤਾਰ ਦੋ ਵਾਰ ਮੁੱਖ ਮੰਤਰੀ ਨਾਲ ਪੈਨਲ ਮੀਟਿੰਗਾਂ ਤੋ ਬਾਅਦ ਰੈਗੂਲਰ ਕਰਨ ਦਾ ਰਾਹ ਪੱਧਰਾ ਹੋਇਆ ਸੀ, ਅਤੇ ਮੁੱਖ ਮੰਤਰੀ ਨੇ ਫਾਰਮਾਸਿਸਟਾਂ ਨੂੰ ਆਦੇਸ਼ ਜਾਰੀ ਕਰਦਿਆਂ ਨੌਕਰੀ ਇਮਾਨਦਾਰੀ ਨਾਲ ਕਰਨ ਲਈ ਕਿਹਾ ਤੇ ਉਹਨਾਂ ਨੂੰ ਲੱਡੂ ਖੁਵਾ ਕੇ ਉਹਨਾਂ ਨੂੰ ਪੱਕੇ ਕਰਨ ਬਾਰੇ ਕਹਿ ਕੇ ਖੁਸ਼ੀ ਮਨਾਉਣ ਲਈ ਕਿਹਾ।
ਮੁੱਖ ਮੰਤਰੀ ਸਾਹਿਬ ਵੱਲੋਂ ਖੁਵਾਏ ਅਤੇ ਵੰਡਾਏ ਗਏ ਲੱਡੂਆਂ ਨੂੰ ਵੀ ਚਾਰ ਮਹੀਨੇ ਹੋ ਗਏ ਪ੍ਰੰਤੂ ਰੈਗੂਲਰ ਕਰਨ ਦਾ ਕੋਈ ਪ੍ਰੋਸੇਸ ਅੱਗੇ ਨਹੀਂ ਤੁਰਿਆ ਜਿਸ ਕਰਕੇ ਓਹਨਾ ਵਿੱਚ ਮਾਯੂਸੀ ਛਾਈ ਹੋਈ ਹੈ ਅਤੇ ਉਹ ਇਕ ਵਾਰ ਫੇਰ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹਨ ।ਓਹਨਾ ਕਿਹਾ ਕਿ ਓਹਨਾ ਦੀ ਜਥੇਬੰਦੀ ਉਪ ਚੁਣਾਅ ਵਿੱਚ ਸਰਕਾਰ ਵਿਰੁੱਧ ਗਿੱਦੜਬਾਹਾ ਅਤੇ 3 ਹੋਰਨਾਂ ਵਿਧਾਨ ਸਭਾ ਹਲਕਿਆਂ ਵਿਚ ਪ੍ਰਦਰਸ਼ਨ ਕਰਨਗੇ। ਅਤੇ ਓਹਨਾ ਦਾ ਪ੍ਰਦਰਸ਼ਨ ਓਦੋ ਤੱਕ ਚੱਲੇਗਾ ਜਦੋਂ ਤੱਕ ਸਰਕਾਰ ਉਹਨਾਂ ਦੇ ਪਹਿਲੇ ਬੈਚ ਨੂੰ ਟ੍ਰੇਨਿੰਗ ਤੇ ਨਹੀਂ ਭੇਜਦੀ। ਓਹਨਾ ਕਿਹਾ ਕਿ ਮਾਨ ਸਰਕਾਰ ਨੇ ਕੱਚੇ ਮੁਲਾਜ਼ਮਾ ਦਾ ਰੱਜ ਕੇ ਸ਼ੋਸ਼ਣ ਕੀਤਾ ਹੈ। ਹੁਣ ਪਾਣੀ ਸਿਰੋਂ ਟੱਪ ਗਿਆ ਹੈ। ਹੁਣ ਸਰਕਾਰ ਦਾ ਇਹ ਸ਼ੋਸ਼ਣ ਕੱਚੇ ਮੁਲਾਜ਼ਮ ਬਰਦਾਸ਼ਤ ਨਹੀਂ ਕਰਨਗੇ। ਓਹਨਾ ਨੇ ਪਸ਼ੂ ਪਾਲਣ ਵਿਭਾਗ ਦੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਹੈ ਕਿ 4 ਨਵੰਬਰ ਨੂੰ ਸਾਰੇ ਫਾਰਮਾਸਿਸਟ ਹਸਪਤਾਲਾਂ ਨੂੰ ਬੰਦ ਕਰਕੇ ਗਿੱਦੜਬਾਹਾ ਵਿਖੇ ਜਰੂਰ ਪਹੁੰਚੋਨ ।