ਕਾਹਨੋਵਾਨ ਬਲਾਕ ਦੇ ਪਿੰਡ ਗੋਰਸੀਆਂ ਦੇ ਲੋਕ ਵੀ ਚੀਤੇ ਦੀ ਦਹਿਸ਼ਤ ਨਾਲ ਸਹਿਮ ਗਏ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਚੀਤੇ ਵਰਗਾ ਜਾਨਵਰ ਵੇਖਿਆ ਗਿਆ ਹੈ । ਕਰੀਬ 10 ਦਿਨ ਪਹਿਲਾਂ ਤੋਂ ਆਲੇ ਦੁਆਲੇ ਦੇ ਪਿੰਡਾਂ ਵਿੱਚ ਚੀਤੇ ਦੀ ਦਹਿਸ਼ਤ ਦੇਖੀ ਜਾ ਰਹੀ ਹੈ । ਕੁਝ ਦਿਨ ਪਹਿਲਾਂ ਪਿੰਡ ਭੱਟੀਆਂ ਦੇ ਲੋਕਾਂ ਵੱਲੋਂ ਇਸ ਦੀ ਇੱਕ ਵੀਡੀਓ ਜਾਰੀ ਕੀਤੀ ਗਈ ਸੀ ਅਤੇ ਅੱਜ ਨੇੜੇ ਦੇ ਪਿੰਡ ਗੋਰਸੀਆਂ ਦੇ ਲੋਕਾਂ ਨੇ ਇਹ ਵੀਡੀਓ ਜਾਰੀ ਕੀਤੀ ਹੈ।
ਦੂਜੇ ਪਾਸੇ ਵਨ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਚੀਤਾ ਨਹੀਂ ਹੋ ਸਕਦਾ ਕਿਉਂਕਿ ਚੀਤਾ ਇੰਨਾ ਲੰਬਾ ਨਹੀਂ ਹੁੰਦਾ। ਉਹਨਾਂ ਕਿਹਾ ਕਿ ਵੀਡੀਓ ਉਹਨਾਂ ਵੱਲੋਂ ਵੀ ਵੇਖੀ ਗਈ ਹੈ ਪਰ ਇਹ ਚੀਤਾ ਤਾਂ ਬਿਲਕੁਲ ਹੀ ਨਹੀਂ ਹੈ। ਤੇਂਦੂਏ ਦੀ ਪੂਛ ਲੰਬੀ ਹੁੰਦੀ ਹੈ ਅਤੇ ਉਸਦੇ ਸਰੀਰ ’ਤੇ ਕਾਲੇ ਗੋਲੇ ਜਿਹੇ ਹੁੰਦੇ ਹਨ । ਇਸ ਲਈ ਇਹ ਤੇਂਦੂਆ ਵੀ ਨਹੀਂ ਲੱਗਦਾ। ਇਸ ਦੇ ਜੰਗਲੀ ਬਿੱਲਾ ਹੋਣ ਦੀ ਇਹ ਜਿਆਦਾ ਸੰਭਾਵਨਾ ਹੈ। ਫਿਰ ਵੀ ਇਹਤਿਆਤ ਦੇ ਤੌਰ ਤੇ ਆਲੇ ਦੁਆਲੇ ਦੇ ਕੁਝ ਪਿੰਡਾਂ ਦੇ ਲੋਕਾਂ ਨੂੰ ਪਿੰਜਰੇ ਅਤੇ ਜਾਲ ਦਿੱਤੇ ਗਏ ਹਨ। ਵਨ ਵਿਭਾਗ ਦੇ ਅਧਿਕਾਰੀਆਂ ਦੀ ਮਾਮਲੇ ’ਤੇ ਪੂਰੀ ਨਜ਼ਰ ਹੈ।