ਫ਼ਗਵਾੜਾ (ਨਰੇਸ਼ ਪਾਸੀ) : ਥਾਣਾ ਸਤਨਾਮਪੁਰਾ ਫਗਵਾਡ਼ਾ ਦੀ ਪੁਲਸ ਨੇ ਆਪਣੇ-ਆਪ ਨੂੰ ਸੋਸ਼ਲ ਮੀਡੀਆ ਦਾ ਪੱਤਰਕਾਰ ਦੱਸ ਵਾਲੇ ਇਕ ਨੌਜਵਾਨ ਨੂੰ ਪਿੰਡ ਕੋਟਰਾਣੀ ਰੋਡ ’ਤੇ ਕੀਤੀ ਗਈ ਨਾਕਾਬੰਦੀ ਅਤੇ ਚੈਕਿੰਗ ਦੌਰਾਨ ਨਾਜਾਇਜ਼ ਹੈਰੋਇਨ ਅਤੇ ਇਕ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਸ ਨੇ ਮਨੂ ਚਾਵਲਾ ਪੁੱਤਰ ਗੁਰਵਿੰਦਰ ਸਿੰਘ ਚਾਵਲਾ ਵਾਸੀ ਗਲੀ ਨੰਬਰ 3, ਮੁਹੱਲਾ ਡੱਡਲਾ ਫਗਵਾੜਾ ਹਾਲ ਵਾਸੀ ਡਾਕਟਰ ਕਲੋਨੀ ਪਿੰਡ ਕੋਟਰਾਣੀ, ਫਗਵਾੜਾ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 34 ਗ੍ਰਾਮ ਹੈਰੋਇਨ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ।

ਪੁਲਸ ਨੇ ਮੁਲਜ਼ਮ ਮਨੂ ਚਾਵਲਾ ਖ਼ਿਲਾਫ਼ ਥਾਣਾ ਸਤਨਾਮਪੁਰਾ ਵਿਖੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਜਾਂਚ ਜਾਰੀ ਹੈ। ਦੱਸਣਯੋਗ ਹੈ ਕਿ ਦੋਸ਼ੀ ਮਨੂ ਚਾਵਲਾ, ਜਿਸ ਨੂੰ ਥਾਣਾ ਸਤਨਾਮਪੁਰਾ ਫਗਵਾੜਾ ਦੀ ਪੁਲਸ ਨੇ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ, ਨੂੰ ਪੁਲਸ ਪਹਿਲਾਂ ਹੀ ਨਾਜਾਇਜ਼ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਉਸ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਵੀ ਦਰਜ ਕੀਤਾ ਗਿਆ ਹੈ।ਫਗਵਾੜਾ ਪੁਲਸ ਵੱਲੋਂ ਆਪਣੇ-ਆਪ ਨੂੰ ਸੋਸ਼ਲ ਮੀਡੀਆ ਦਾ ਪੱਤਰਕਾਰ ਦੱਸਣ ਵਾਲੇ ਜਿਸ ਮੁਲਜ਼ਮ ਮਨੂ ਚਾਵਲਾ ਨੂੰ ਗ੍ਰਿਫ਼ਤਾਰ ਕੀਤਾ ਹੈ, ਇਹ ਉਹੀ ਨੌਜਵਾਨ ਹੈ, ਜੋ ਸਮੇਂ-ਸਮੇਂ ’ਤੇ ਫਗਵਾੜਾ ਪੁਲਸ ਦੇ ਹੀ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀਆਂ ਜਾਂਦੀਆਂ ਪ੍ਰੈੱਸ ਕਾਨਫਰੰਸਾਂ ਆਦਿ ਵਿਚ ਸਰਗਰਮੀ ਨਾਲ ਹਿੱਸਾ ਲੈਂਦਾ ਰਿਹਾ ਹੈ।