ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਦਾ ਮਿਸ਼ਨ 13-0’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਨੇ ਆਪਣੇ ਉਮੀਦਵਾਰਾਂ ਨੂੰ ਸਾਰੇ ਪਾਰਟੀ ਵਰਕਰਾਂ ਅਤੇ ਮੀਡੀਆ ਵਾਲਿਆਂ ਨਾਲ ਜਾਣੂ ਕਰਵਾਉਣ ਲਈ ਇਸ ਸਮਾਗਮ ਦਾ ਆਯੋਜਨ ਕੀਤਾ ਹੈ। ‘ਆਪ’ ਦੇ ਉਮੀਦਵਾਰ ਵੰਸ਼ਵਾਦੀ ਸਿਆਸਤਦਾਨ ਨਹੀਂ ਹਨ, ਉਹ ਆਮ ਪਿਛੋਕੜ ਤੋਂ ਆਉਂਦੇ ਹਨ, ਆਮ ਪਰਿਵਾਰਾਂ ਤੋਂ ਆਉਣ ਵਾਲੇ ਲੋਕ ਹੀ ਸੰਸਦ ਵਿਚ ਆਮ ਲੋਕਾਂ ਦੀ ਆਵਾਜ਼ ਬਣਦੇ ਹਨ।ਮਾਨ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਜਾਂ ਹਾਰਨ ਦੀ ਨਹੀਂ, ਇਹ ਤਾਨਾਸ਼ਾਹੀ ਦੇ ਵਿਰੁੱਧ ਲੜਾਈ ਹੈ, ਇਹ ਸਾਡੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ। ਸਾਡਾ ਦੇਸ਼ ਅੱਜ ਇੱਕ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਸਾਡੇ ਕੋਲ ਇੱਕ ਤਾਨਾਸ਼ਾਹ ਸੱਤਾ ਵਿੱਚ ਹੈ ਜੋ ਸਿਰਫ ਆਪਣੇ ਬਾਰੇ ਹੀ ਸੋਚਦਾ ਅਤੇ ਆਪਣੇ ਬਾਰੇ ਹੀ ਗੱਲ ਕਰਦਾ ਹੈ, ਉਹ ਵਿਰੋਧੀ ਆਗੂਆਂ ਨੂੰ ਜੇਲ੍ਹ ਵਿੱਚ ਡੱਕ ਰਿਹਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਜਦੋਂ ਤਾਨਾਸ਼ਾਹੀ, ਬੇਇਨਸਾਫ਼ੀ ਅਤੇ ਜ਼ੁਲਮ ਦਾ ਬੋਲਬਾਲਾ ਹੁੰਦਾ ਹੈ ਤਾਂ ਪ੍ਰਮਾਤਮਾ ਸਾਨੂੰ ਇਨ੍ਹਾਂ ਸਾਰੀਆਂ ਬੁਰਾਈਆਂ ਤੋਂ ਮੁਕਤ ਕਰਨ ਲਈ ਆਪਣਾ ‘ਝਾੜੂ’ ਵਰਤਦਾ ਹੈ। ਮੈਂ ਹੁਣੇ ਗੁਜਰਾਤ ਤੋਂ ਵਾਪਿਸ ਆਇਆ ਹਾਂ, ਇਸ ਤੋਂ ਪਹਿਲਾਂ ਮੈਂ ਅਸਾਮ ਅਤੇ ਕੁਰੂਕਸ਼ੇਤਰ ਵਿਖੇ ਗਿਆ ਸੀ। ਹਰ ਥਾਂ ਲੋਕ ਇੱਕ ਹੀ ਗੱਲ ਕਹਿ ਰਹੇ ਹਨ, ਕਿ ਭਾਜਪਾ ਸਰਕਾਰ ਅਤੇ ਨਰਿੰਦਰ ਮੋਦੀ ਸਿਰਫ ਤੇ ਸਿਰਫ ਅਰਵਿੰਦ ਕੇਜਰੀਵਾਲ ਅਤੇ ‘ਆਪ’ ਤੋਂ ਡਰਦੇ ਹਨ।ਇਸ ਲਈ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਹੈ ਤਾਂਕਿ ਉਹ ਚੌਣਾਂ ਵਿਚ ਪ੍ਰਚਾਰ ਨਾ ਕਰ ਸਕਣ । ਲੋਕ ਕਹਿ ਰਹੇ ਹਨ ਕਿ ਭਾਜਪਾ ਦੇ ਇਨ੍ਹਾਂ ਜ਼ੁਲਮਾਂ ਦਾ ਜਵਾਬ ਉਹ ਆਪਣੀਆਂ ਵੋਟਾਂ ਰਾਹੀਂ ਦੇਣਗੇ- ‘ਜੇਲ੍ਹ ਦਾ ਬਦਲਾ ਵੋਟ’ ਅਤੇ ‘ਜ਼ੁਲਮ ਦਾ ਜਵਾਬ ਵੋਟ ਨਾਲ’। ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਿਰਫ਼ ਇੱਕ ਵਿਅਕਤੀ ਹੀ ਨਹੀਂ, ਸਗੋਂ ਉਹ ਇੱਕ ਵਿਚਾਰ ਹਨ, ਉਹ ਅਰਵਿੰਦ ਕੇਜਰੀਵਾਲ ਦੇ ਸ਼ਰੀਰ ਨੂੰ ਜੇਲ੍ਹ ਵਿੱਚ ਸੁੱਟ ਸਕਦੇ ਹਨ, ਪਰ ਉਹ ਉਨ੍ਹਾਂ ਦੀ ਸੋਚ ਨੂੰ ਕਿਵੇਂ ਰੋਕਣਗੇ?ਮਾਨ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੇ ਹਰ ਸਿਪਾਹੀ ਦੀ ਜ਼ਿੰਮੇਵਾਰੀ ਹੈ ਕਿ ਉਹ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਸ਼ੁਰੂ ਕੀਤੀ ਕੰਮ ਦੀ,ਪਾਰਦਰਸ਼ੀ ਅਤੇ ਇਮਾਨਦਾਰੀ ਵਾਲੀ ਰਾਜਨੀਤੀ ਦੀ ਰਾਖੀ ਕਰਨ ਅਤੇ ਉਸ ਨੂੰ ਅੱਗੇ ਵਧਾਉਣ। ਅਰਵਿੰਦ ਕੇਜਰੀਵਾਲ ਨੇ ਇਸ ਪਾਰਟੀ ਨੂੰ ਰਾਮਲੀਲਾ ਮੈਦਾਨ ਤੋਂ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਅੰਦੋਲਨ ਕਰਕੇ ਬਣਾਇਆ, ਸਿਰਫ ਦਸ ਸਾਲਾਂ ਵਿੱਚ ਹੀ ਆਮ ਆਦਮੀ ਪਾਰਟੀ ਇਕ ਰਾਸ਼ਟਰੀ ਪਾਰਟੀ ਬਣ ਗਈ।ਸਾਡੇ ਵਰਗੀ ਕੋਈ ਹੋਰ ਸਿਆਸੀ ਪਾਰਟੀ ਕਦੇ ਐਨੀ ਤੇਜੀ ਨਾਲ ਅੱਗੇ ਨਹੀਂ ਵਧੀ। ਦੋ ਰਾਜਾਂ ਵਿੱਚ ਸਾਡੀ ਸਰਕਾਰ ਹੈ, ਸਾਡੇ 10 ਰਾਜ ਸਭਾ ਮੈਂਬਰ ਹਨ, ਸਾਡੇ ਗੁਜਰਾਤ ਵਿੱਚ 5 ਵਿਧਾਇਕ ਹਨ, ਗੋਆ ਵਿੱਚ 2 ਵਿਧਾਇਕ ਹਨ, ਸਾਡੇ ਕੋਲ ਚੰਡੀਗੜ੍ਹ ਵਿੱਚ ‘ਆਪ’ ਦਾ ਮੇਅਰ ਹੈ, ਮੱਧ ਪ੍ਰਦੇਸ਼ ਦੇ ਸੰਗਰੌਲੀ ਵਿੱਚ ਸਾਡਾ ਇੱਕ ਮਿਉਂਸਪਲ ਕੌਂਸਲਰ ਹੈ ਅਤੇ ਦਿੱਲੀ ਵਿੱਚ ਸਾਡਾ ਭਾਰੀ ਬਹੁਮਤ ਹੈ। ਭਾਜਪਾ ਆਮ ਆਦਮੀ ਪਾਰਟੀ ਦੀ ਲੋਕਪ੍ਰਿਅਤਾ ਅਤੇ ਸਾਡੀ ਦੇਸ਼ ਭਗਤੀ ਅਤੇ ਇਮਾਨਦਾਰ ਰਾਜਨੀਤੀ ਨੂੰ ਬਰਦਾਸ਼ਤ ਨਹੀਂ ਕਰ ਸਕਦੀ।
ਭਾਜਪਾ ਤੋਂ ਇਹ ਸਭ ਇਸ ਲਈ ਹਜ਼ਮ ਨਹੀਂ ਹੋ ਰਿਹਾ, ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਜਿੱਥੇ ਵੀ ‘ਆਪ’ ਜਾਂਦੀ ਹੈ, ਅਸੀਂ ਉੱਥੇ ਭਾਜਪਾ ਨੂੰ ਖਤਮ ਕਰ ਦਿੰਦੇ ਹਾਂ। ਅਰਵਿੰਦ ਕੇਜਰੀਵਾਲ ਜਿੱਥੇ ਵੀ ਜਾਂਦੇ ਹਨ, ਉੱਥੇ ਭ੍ਰਿਸ਼ਟਾਚਾਰ ਦੀ ਰਾਜਨੀਤੀ ਨੂੰ ਖਤਮ ਕਰ ਦਿੰਦੇ ਹਨ ਅਤੇ ਲੋਕ ਪੱਖੀ ਸਰਕਾਰ ਬਣਾਉਂਦੇ ਹਨ। ਪਰ ਉਹ (ਭਾਜਪਾ) ਨਹੀਂ ਜਾਣਦੇ ਕਿ ਉਹ ਸਾਨੂੰ ਨਾ ਤਾਂ ਰੋਕ ਸਕਦੇ ਹਨ ਅਤੇ ਨਾ ਹੀ ਜਾਂ ਸਾਨੂੰ ਡਰਾ ਸਕਦੇ।
ਮਾਨ ਨੇ ਕਿਹਾ ਕਿ ਇੱਥੇ ਕੋਈ ਵੀ ਕਿਸੇ ਮੰਤਰੀ ਜਾਂ ਮੁੱਖ ਮੰਤਰੀ ਦਾ ਪੁੱਤਰ ਨਹੀਂ ਹੈ, ਸਾਡੇ ਸਾਰੇ ਵਿਧਾਇਕ, ਮੰਤਰੀ ਅਤੇ ਲੋਕ ਸਭਾ ਉਮੀਦਵਾਰ ਆਮ ਪਰਿਵਾਰਾਂ ਵਿਚੋਂ ਆਉਂਦੇ ਹਨ। ਮਾਨ ਨੇ ਕਿਹਾ ਕਿ ਉਨ੍ਹਾਂ (ਰਵਾਇਤੀ ਸਿਆਸਤਦਾਨਾਂ) ਨੂੰ ਤਾਂ ਇਹ ਵੀ ਸਮੱਸਿਆ ਹੈ ਕਿ ਅਰਵਿੰਦ ਕੇਜਰੀਵਾਲ ਨੇ ਆਮ ਲੋਕਾਂ ਨੂੰ ਪਲੇਟਫਾਰਮ ਅਤੇ ਮੌਕਾ ਦਿੱਤਾ, ਆਮ ਲੋਕ ਵਿਧਾਇਕ ਅਤੇ ਮੰਤਰੀ ਚੁਣੇ ਗਏ ਅਤੇ ਹੁਣ ਉਹ ਸਿਆਸੀ ਗੰਦਗੀ ਸਾਫ਼ ਕਰ ਰਹੇ ਹਨ।
ਮਾਨ ਨੇ ਕਿਹਾ ਕਿ ਉਹ ਹਰ ਹਲਕੇ ਵਿੱਚ 3-4 ਵਾਰ ਜਾਣਗੇ, ਪਰ ਸਿਰਫ਼ ਮੈਨੂੰ ਹੀ ਵੋਟ ਨਾ ਦਿਓ, ਆਪਣੇ ਲਈ, ਆਪਣੇ ਹੱਕਾਂ ਲਈ, ਆਪਣੇ ਬੱਚਿਆਂ ਦੇ ਬੇਹਤਰ ਭਵਿੱਖ ਲਈ, ਸਾਡੇ ਸੰਵਿਧਾਨ ਲਈ, ਲੋਕਤੰਤਰ ਨੂੰ ਬਚਾਉਣ ਲਈ, ਤਾਨਾਸ਼ਾਹੀ ਨੂੰ ਖਤਮ ਕਰਨ ਲਈ ਵੋਟ ਦਿਓ। ਮਾਨ ਨੇ ਅੱਗੇ ਕਿਹਾ, ਮੈਂ ਪੰਜਾਬ ਦੇ ਸਾਰੇ ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਮੁਕਾਬਲਾ ਕਰਨ ਲਈ ਕਾਫੀ ਹਾਂ, ਸਾਡੇ ਕੋਲ ਉਨ੍ਹਾਂ ਵਰਗੇ ਪੈਸੇ ਨਹੀਂ ਹਨ, ਪਰ ਜਦੋਂ ਮਿਹਨਤ ਅਤੇ ਲਗਨ ਦੀ ਗੱਲ ਆਉਂਦੀ ਹੈ ਤਾਂ ਉਹ ਸਾਨੂੰ ਹਰਾ ਨਹੀਂ ਸਕਦੇ।
ਮਾਨ ਨੇ ਇਹ ਵੀ ਕਿਹਾ ਕਿ ਜੇਕਰ ਦੂਸਰੀਆਂ ਪਾਰਟੀਆਂ ਨੇ ਪੈਸੇ ਦੀ ਪੇਸ਼ਕਸ਼ ਕੀਤੀ ਤਾਂ ਲੈ ਲਿਓ, ਇਹ ਤੁਹਾਡਾ ਹੀ ਪੈਸਾ ਹਨ ਜੋ ਇਹਨਾਂ ਨੇ ਦਹਾਕਿਆਂ ਤੋਂ ਲੁੱਟਿਆ ਹੈ, ਪਰ ਵੋਟ ਆਮ ਆਦਮੀ ਪਾਰਟੀ ਨੂੰ ਹੀ ਦਿਓ। ਮਾਨ ਨੇ ਕਿਹਾ ਕਿ ਸਾਡੇ ਕੋਲ ਤਾਕਤ ਨਹੀਂ ਹੈ ਅਤੇ ਅਸੀਂ ਨਫਰਤ ਦੀ ਰਾਜਨੀਤੀ ਨਹੀਂ ਕਰਦੇ, ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ, ਅਸੀਂ ਤੁਹਾਡੇ ਮੁੱਦਿਆਂ ਨੂੰ ਹੱਲ ਕਰਦੇ ਹਾਂ। ਉਨ੍ਹਾਂ ਕਿਹਾ ਕਿ ਲੋਕ ਸਾਨੂੰ ਅਤੇ ‘ਆਪ’ ਨੂੰ ਪਿਆਰ ਕਰਦੇ ਹਨ, ਲੋਕ ਹਰ ਜਗ੍ਹਾ ਐਨੇ ਗਰਮਜੋਸ਼ੀ ਅਤੇ ਉਤਸ਼ਾਹ ਨਾਲ ਸਵਾਗਤ ਕਰਦੇ ਹਨ ਕਿ ਉਹ ਥੱਕਦੇ ਨਹੀਂ। ਇਸ ਲਈ ਉਹ (ਭਾਜਪਾ) ਸਾਨੂੰ ਕਿਸੇ ਵੀ ਤਰ੍ਹਾਂ ਰੋਕ ਨਹੀਂ ਸਕਦੇ ਅਤੇ ਨਾ ਹੀ ਡਰਾ ਸਕਦੇ ਹਨ।
ਮਾਨ ਨੇ ਕਿਹਾ ਕਿ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਹੈ, ਉਨ੍ਹਾਂ ਨੇ ਸਾਡੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ, ਹੁਣ ਸਾਡੇ ਕਿਸਾਨ ਉਨਾਂ ਨੂੰ ਪਿੰਡਾਂ ਵਿੱਚ ਨਹੀਂ ਜਾਣ ਦੇ ਰਹੇ। ਇਨ੍ਹਾਂ ਰਵਾਇਤੀ ਸਿਆਸਤਦਾਨਾਂ ਨੇ ਕਦੇ ਵੀ ਆਮ ਲੋਕਾਂ ਦਾ ਪੱਖ ਨਹੀਂ ਲਿਆ। ਅੱਜ ਜੋ ਵੀ ਉਹ ਭੁਗਤ ਰਹੇ ਹਨ, ਉਹ ਉਨ੍ਹਾਂ ਦੇ ਲੋਕ ਵਿਰੋਧੀ ਫੈਸਲਿਆਂ ਅਤੇ ਕੰਮਾਂ ਦਾ ਨਤੀਜਾ ਹੈ। ਪੰਜਾਬ ਨੂੰ ਲੁੱਟ ਕੇ ਉਹ ਹੋਰ ਅਮੀਰ ਤੋਂ ਅਮੀਰ ਹੁੰਦੇ ਗਏ ਅਤੇ ਪੰਜਾਬ ਨੂੰ ਵਿੱਤੀ ਸੰਕਟ ਵਿੱਚ ਛੱਡ ਦਿੱਤਾ।
ਉਹ ਹਰ ਧੰਦੇ ਵਿੱਚ ਹਿੱਸਾ ਲੈਂਦੇ ਸਨ, ਉਹ ਜ਼ਮੀਨਾਂ ਉੱਤੇ ਗੈਰ-ਕਾਨੂੰਨੀ ਢੰਗ ਨਾਲ ਕਬਜਾ ਕਰਦੇ ਸਨ। ਪਰ ਅਸੀਂ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਦੇ ਲੋਕਾਂ ਲਈ ਹੀ ਕੰਮ ਕੀਤਾ ਹੈ। ਮੈਂ ਕੋਈ ਜ਼ਮੀਨ ਨਹੀਂ ਖਰੀਦੀ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਮੁਫਤ ਬਿਜਲੀ ਦੇਣ ਲਈ ਥਰਮਲ ਪਾਵਰ ਪਲਾਂਟ ਖਰੀਦਿਆ। ਟਰਾਂਸਪੋਰਟ ਕੰਪਨੀ, ਰੇਤ ਦੀਆਂ ਖੱਡਾਂ ਜਾਂ ਢਾਬਿਆਂ ਵਿੱਚ ਮੇਰਾ ਕੋਈ ਹਿੱਸਾ ਨਹੀਂ ਹੈ ਪਰ ਮੈਂ ਲੋਕਾਂ ਦੀਆਂ ਮੁਸ਼ਕਲਾਂ ਅਤੇ ਦੁੱਖਾਂ ਨੂੰ ਉਹਨਾਂ ਨਾਲ ਸਾਂਝਾ ਕਰਦਾ ਹਾਂ।
ਮਾਨ ਨੇ ਕਿਹਾ ਕਿ ਹੁਣ ਸਮਾਂ ਬਦਲ ਗਿਆ ਹੈ। ਕੱਲ੍ਹ ਗੁਜਰਾਤ ਦੇ ਭਰੂਚ ਵਿੱਚ ‘ਆਪ’ ਉਮੀਦਵਾਰ ਦੇ ਹੱਕ ਵਿੱਚ ਲੋਕਾਂ ਦੀ ਸੁਨਾਮੀ ਵੇਖਣ ਨੂੰ ਮਿਲੀ ਸੀ। ਅੱਜ ਹਰ ਕੋਈ ‘ਆਪ’ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ, ਅਸੀਂ ਪੰਜਾਬ ‘ਚ ਸਾਰੀਆਂ ਸੀਟਾਂ ‘ਤੇ ਚੋਣ ਲੜ ਰਹੇ ਹਾਂ, ਅਤੇ 13-0 ਨਾਲ ਜਿੱਤਾਂਗੇ। ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿਚ ਸਮੂਹ ਵਲੰਟੀਅਰਾਂ ਨੂੰ ਕਿਹਾ ਕਿ ਉਹ ਚੋਣਾਂ ਵਿੱਚ ਤਨਦੇਹੀ ਨਾਲ ਕੰਮ ਕਰਨ ਅਤੇ ਉਨ੍ਹਾਂ ਦੇ ਜੋ ਵੀ ਛੋਟੇ-ਮੋਟੇ ਮਸਲੇ ਹਨ, ਉਨ੍ਹਾਂ ਨੂੰ ਚੋਣਾਂ ਤੋਂ ਬਾਅਦ ਪਰਿਵਾਰ ਦੀ ਤਰ੍ਹਾਂ ਮਿਲਜੁਲ ਕੇ ਹੱਲ ਕਰ ਲਵਾਂਗੇ, ਪਹਿਲਾਂ ਸਾਨੂੰ ਆਪਣੇ ਲੋਕਤੰਤਰ ਨੂੰ ਬਚਾਉਣ ਲਈ ਇੱਕਜੁਟ ਹੋਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਵਿਰੋਧੀ ਸੋਚਦੇ ਹਨ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਕੇ ਉਹ ਆਮ ਆਦਮੀ ਪਾਰਟੀ ਨੂੰ ਰੋਕ ਦੇਣਗੇ, ਪਰੰਤੂ ਉਹ ਅਜਿਹਾ ਗ਼ਲਤ ਸੋਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਹਨਾਂ ਚੋਣਾਂ ਵਿਚ ਭਾਰੀ ਵੋਟਾਂ ਨਾਲ ਇਕ ਵੱਡੀ ਅਤੇ ਇੱਕ ਤਰਫ਼ਾਂ ਜਿੱਤ ਹਾਸਿਲ ਕਰੇਗੀ।
ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਰਵਾਇਤੀ ਪਾਰਟੀਆਂ ਆਪਣੇ ਚੋਣ ਮੈਨੀਫੈਸਟੋ ਅਤੇ ਸੰਕਲਪ ਪੱਤਰ ਜਾਰੀ ਕਰਦੀਆਂ ਸਨ, ਪਰੰਤੂ ਹੁਣ ਉਹ ਅਰਵਿੰਦ ਕੇਜਰੀਵਾਲ ਦੀ ਨਕਲ ਕਰਦਿਆਂ ਗਾਰੰਟੀ ਸ਼ਬਦ ਦਾ ਵੀ ਇਸਤੇਮਾਲ ਕਰ ਰਹੇ ਹਨ, ਪਰੰਤੂ ਉਹ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ, ਹੁਣ ਦੇਸ਼ ਦੀ ਜਨਤਾ ਚੰਗੀ ਤਰ੍ਹਾਂ ਜਾਣਦੀ ਹੈ ਕਿ ਭਾਜਪਾ ਇਕ ਜੁਮਲਾ ਪਾਰਟੀ ਹੈ ਅਤੇ ਅਰਵਿੰਦ ਕੇਜਰੀਵਾਲ ਦੀ ਗਾਰੰਟੀ ਹੀ ਪੂਰੀਆਂ ਹੁੰਦੀਆਂ ਹਨ। ਮਾਨ ਨੇ ਕਿਹਾ, ‘ਮੈਂ ਪਾਰਲੀਮੈਂਟ ਵਿਚ ਵੀ ਕਹਿੰਦਾ ਸੀ ਕਿ, “15 ਲਾਖ ਕੀ ਰਕਮ ਲਿਖਤਾ ਹੂੰ ਤੋ ਸਿਆਹੀ ਸੂਖ ਜਾਤੀ ਹੈ, ਕਾਲੇ ਧਨ ਕੀ ਬਾਤ ਕਰਤਾ ਹੂੰ ਤੋ ਕਲਮ ਰੁਕ ਜਾਤੀ ਹੈ, ਹਰ ਬਾਤ ਹੀ ਜੁਮਲਾ ਨਿਕਲੀ, ਅਬ ਤੋ ਸ਼ੱਕ ਹੈ ਕੀ ਚਾਏ ਵੀ ਬਨਾਨੀ ਆਤੀ ਹੈ ?”
ਭਗਵੰਤ ਮਾਨ ਨੇ ਕਿਹਾ ਕਿ ਚੋਣਾਂ ਦੇ ਸਮੇਂ ਸਿਲੰਡਰ ਵਰਗੀਆਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਸਸਤਾ ਕਰਕੇ ਉਹ ਲੋਕਾਂ ਨੂੰ ਧੋਖਾ ਨਾ ਦੇਣ। ਉਹ (ਮੋਦੀ ਸਰਕਾਰ) ਸਿਖ਼ਰਾਂ ‘ਤੇ ਪਹੁੰਚੀ ਮਹਿੰਗਾਈ ਅਤੇ ਬੇਰੁਜ਼ਗਾਰੀ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਨੂੰ (ਪੰਜਾਬ ਦੀ ਜਨਤਾ) ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦੇ ਰਹੀ ਹੈ, 90% ਘਰਾਂ ਦਾ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ, ਅਸੀਂ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾਇਆ ਹੈ ਅਤੇ ਤੁਹਾਡੇ ਬੱਚੇ ਮੁਫ਼ਤ ਸਿੱਖਿਆ ਪ੍ਰਾਪਤ ਕਰ ਰਹੇ ਹਨ।
ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਮਿਲ ਰਹੀਆਂ ਹਨ, ਪੰਜਾਬ ਵਿਚ ਹੁਣ ਤੱਕ 800 ਤੋਂ ਵੱਧ ਮੁਹੱਲਾ ਕਲੀਨਿਕ ਖੋਲ੍ਹੇ ਜਾ ਚੁੱਕੇ ਹਨ। ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 1 ਜੂਨ ਨੂੰ ਪੰਜਾਬ ਵਿੱਚ ਚੋਣਾਂ ਵਾਲੇ ਦਿਨ ਫਿਰ ਤੋਂ ‘ਝਾੜੂ’ ਦਾ ਬਟਨ ਦਬਾ ਕੇ ਆਪਣੇ ਉਮੀਦਵਾਰ ਨੂੰ ਪਾਰਲੀਮੈਂਟ ਵਿੱਚ ਭੇਜੋ। ਮਾਨ ਨੇ ਕਿਹਾ, “ਪੰਜਾਬ ਨੇ ਹਮੇਸ਼ਾ ਹੀ ਜ਼ੁਲਮ, ਤਾਨਾਸ਼ਾਹੀ ਅਤੇ ਨਾਇਨਸਾਫ਼ੀ ਵਿਰੁੱਧ ਲੜਾਈਆਂ ਦੀ ਅਗਵਾਈ ਕੀਤੀ ਹੈ, ਇਸ ਵਾਰ ਰਿਕਾਰਡ ਬਣਾਉਂਦੇ ਹੋਏ, ‘ਆਪ’ ਨੂੰ 13-0 ਨਾਲ ਵੱਡੀ ਜਿੱਤ ਦਿਵਾਓ”।
ਭਗਵੰਤ ਮਾਨ ਨੇ ਕਿਹਾ ਕਿ ਇਹ ਦੇਸ਼ ਇੱਥੋਂ ਦੇ ਲੋਕਾਂ ਦਾ ਹੈ,ਇਸ ਦੀ ਆਜ਼ਾਦੀ ਲਈ ਸਾਡੇ ਪੁਰਖਿਆਂ ਨੇ ਲੱਖਾਂ ਕੁਰਬਾਨੀਆਂ ਦਿੱਤੀਆਂ, ਇਹ ਕਿਸੇ ਦੀ ਵੀ ਨਿੱਜੀ ਜਾਇਦਾਦ ਨਹੀਂ ਹੈ। ਭਾਜਪਾ ਵਾਲੇ ਕੌਣ ਹੁੰਦੇ ਹਨ, ਜੋ ਸਾਡੇ ਕਿਸਾਨਾਂ ਨੂੰ ਸਾਡੀ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਨਹੀਂ ਆਉਣ ਦਿੰਦੇ, ਭਾਜਪਾ ਵਾਲੇ ਕੌਣ ਹੁੰਦੇ ਹਨ, ਜੋ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਲਾਲਾ ਲਾਜਪਤ ਰਾਏ ਦੀਆਂ ਫ਼ੋਟੋਆਂ ਵਾਲੀ ਪੰਜਾਬ ਦੀ ਝਾਕੀਂ ਨੂੰ ਰੱਦ ਕਰਨ ? ਇਸ ਲਈ ਇਸ ਵਾਰ ਦੀਆਂ ਚੋਣਾਂ ਵਿਚ ਸਾਡੇ ਲੋਕਤੰਤਰ ਨੂੰ ਤਬਾਹ ਕਰਨ ਦੀ ਉਨ੍ਹਾਂ (ਭਾਜਪਾ) ਦੀ ਹਰ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਇਸ ਨਫ਼ਰਤ ਦੀ ਰਾਜਨੀਤੀ ਦਾ ਆਪਣੀਆਂ ਵੋਟਾਂ ਨਾਲ ਬਦਲ ਦਿਓ।