ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਦੇ ਵਿਆਹ ਪੁਰਬ ਨੂੰ ਲੈ ਕੇ ਬੀਤੇ ਕੱਲ੍ਹ ਬਟਾਲਾ ਵਿਖੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।

    ਇਸ ਵਿੱਚ ਕਈ ਅਹਿਮ ਫੈਸਲੇ ਲਏ ਗਏ ਹਨ। ਇਸ ਦੌਰਾਨ ਐਸਜੀਪੀਸੀ ਦੇ ਮੁਲਾਜ਼ਮਾਂ ਵੱਲੋਂ ਮੇਲੇ ਵਾਲੇ ਦਿਨ ਟਰੈਕਟਰਾਂ ਉਤੇ ਵੱਡੇ ਵੱਡੇ ਮਿਊਜਿਕ ਸਿਸਟਮ ਲਾਉਣ ਜਾਂ ਫਿਰ ਮੋਟਰਸਾਈਕਲਾਂ ਉਤੇ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਨੂੰ ਨੱਥ ਪਾਉਣ ਦੀ ਗੱਲ ਰੱਖੀ।ਸਿਵਲ ਪ੍ਰਸ਼ਾਸਨ ਵੱਲੋਂ ਵੀ ਇਸ ਮਸਲੇ ਉਤੇ ਵਿਚਾਰ ਕੀਤਾ ਗਿਆ। ਇਸ ਦੇ ਨਾਲ ਨਾਲ ਜਿੰਨੀਆਂ ਵੀ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਹਨ, ਇਹ 10 ਸਤੰਬਰ ਨੂੰ ਬੰਦ ਰਹਿਣਗੀਆਂ। ਬਟਾਲਾ ਵਿਚ 10 ਤਰੀਕ ਨੂੰ ਛੁੱਟੀ ਵੀ ਰਹੇਗੀ। ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਕਿਹਾ ਕਿ ਇਸ ਦਿਨ ਬਾਹਰੋਂ ਆਉਣ ਜਾਂ ਸਥਾਨਕ ਸੰਗਤ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ, ਇਸ ਲਈ ਖਾਸ ਪ੍ਰਬੰਧ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਵਾਲੇ ਦਿਨ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਕਿਸੇ ਨੂੰ ਵੀ ਮੋਟਰਸਾਈਕਲ ਜਾਂ ਫਿਰ ਟਰੈਕਟਰਾਂ ਉਤੇ ਹੁੱਲੜਬਾਜ਼ੀ ਕਰਨ ਦੀ ਇਜਾਜ਼ਤ ਨਹੀਂ ਹੋਏਗੀ, ਜੇ ਕਿਸੇ ਨੇ ਹੁੱਲੜਬਾਜੀ ਕੀਤੀ ਤਾਂ ਕਾਨੂੰਨੀ ਕਾਰਵਾਈ ਹੋਏਗੀ।