ਲਾਲੜੂ: ਭਾਰੀ ਧੁੰਦ ਕਾਰਨ ਥਾਣਾ ਹੰਡੇਸਰਾ ਵਿਚ ਬਤੌਰ ਏ.ਐਸ.ਆਈ. ਗੁਰਮੀਤ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਸੂਚਨਾ ਮਿਲੀ। ਪੁਲਿਸ ਨੂੰ ਮ੍ਰਿਤਕ ਏ.ਐਸ.ਆਈ. ਗੁਰਮੀਤ ਸਿੰਘ ਦੇ ਭਰਾ ਨੇ ਸੁਖਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਜੋਲਾ ਖ਼ੁਰਦ ਦਸਿਆ ਕਿ ਉਹ ਬੀਤੇ ਦਿਨ ਮੋਟਰਸਾਈਕਲ ’ਤੇ ਮੱਝ ਦਾ ਸੌਦਾ ਕਰਨ ਲਈ ਪਿੰਡ ਬੜਾਨਾ ਲਈ ਗਿਆ ਸੀ ਜਿਥੇ ਉਸ ਦੀ ਗੱਲ ਮੱਝ ਲੈਣ ਲਈ ਤੈਅ ਹੋ ਗਈ।
ਇਥੇ ਹੀ ਮੈਂ ਅਪਣੇ ਭਰਾ ਗੁਰਮੀਤ ਸਿੰਘ ਨੂੰ ਫ਼ੋਨ ਕਰ ਕੇ ਸੱਦ ਲਿਆ ਜੋ ਅਪਣੀ ਸਵਿਫਟ ਕਾਰ ਵਿਚ ਆ ਗਿਆ। ਜਦੋਂ ਅਸੀਂ ਰਾਤ 8:30 ਕਰੀਬ ਪਿੰਡ ਰਾਨੀਮਾਜਰਾ ਕੋਲ ਪੁੱਜੇ ਤਾਂ ਪਿੰਡ ਬੜਾਨਾ ਦੇ ਮੋੜ ਕੋਲ ਇਕ ਤੇਜ਼ ਰਫ਼ਤਾਰ ਕਾਰ ਨੇ ਬੜੀ ਅਣਗਹਿਲੀ ਨਾਲ ਟੱਕਰ ਮਾਰ ਦਿਤੀ ਜਿਸ ਕਾਰਨ ਮੇਰੇ ਭਰਾ ਗੁਰਮੀਤ ਸਿੰਘ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਟੋਭੇ ਵਿਚ ਡਿੱਗ ਪਈ। ਮੈਂ ਅਪਣੇ ਭਰਾ ਦੀ ਕਾਰ ਪਿੱਛੇ ਮੋਟਰਸਾਈਕਲ ’ਤੇ ਆ ਰਿਹਾ ਸੀ ਤਾਂ ਮੈਂ ਦੇਖਿਆ ਕਿ ਟੱਕਰ ਮਾਰਨ ਵਾਲੀ ਕਾਰ ਦਾ ਚਾਲਕ ਥੱਲੇ ਉਤਰਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
ਸੁਖਜੀਤ ਨੇ ਦਸਿਆ ਕਿ ਉਸ ਨੇ ਪਿੰਡ ਵਾਲਿਆਂ ਦੀ ਮਦਦ ਨਾਲ ਅਪਣੇ ਭਰਾ ਦੀ ਕਾਰ ਨੂੰ ਪਾਣੀ ਵਿਚੋਂ ਕਢਵਾਇਆ ਅਤੇ ਗੁਰਮੀਤ ਸਿੰਘ ਡੇਰਾਬੱਸੀ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਉਧਰ ਥਾਣਾ ਹੰਡੇਸਰਾ ਦੀ ਪੁਲਿਸ ਨੇ ਸੁਖਜੀਤ ਸਿੰਘ ਦੇ ਬਿਆਨ ’ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ।