ਬਟਾਲਾ ਦੇ ਪਿੰਡ ਭੁੰਬਲੀ ਵਿਖੇ ਖੁੰਡਾ ਰੋਡ ਉਪਰ ਪੈਂਦੇ ਪਟਰੋਲ ਪੰਪ ਨੇੜੇ ਅੱਜ ਸਵੇਰੇ ਇਕ ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਏ ਹਾਦਸੇ ਦੌਰਾਨ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਇੱਕ ਦਰੱਖਤ ਵਿੱਚ ਜਾ ਵੱਜੀ। ਇਸ ਹਾਦਸੇ ਦੌਰਾਨ ਕਾਰ ਚਾਲਕ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਏ.ਐਸ.ਆਈ. ਜਗਦੀਸ਼ ਸਿੰਘ (50) ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਲਾਧੂਪੁਰ, ਥਾਣਾ ਕਾਹਨੂੰਵਾਨ ਵਜੋਂ ਹੋਈ ਹੈ।
ਹਾਦਸੇ ਦੌਰਾਨ ਜ਼ਖਮੀ ਹੋਏ ਮੋਟਰਸਾਈਕਲ ਸਵਾਰ ਜਗਦੀਪ ਵਾਸੀ ਡੱਡਵਾਂ (ਜੋ ਕਿ ਇੱਕ ਨਿੱਜੀ ਸਕੂਲ ਵਿੱਚ ਅਧਿਆਪਕ ਹੈ) ਨੂੰ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਮੁਤਾਬਕ ਜਗਦੀਸ਼ ਸਿੰਘ ਪੰਜਾਬ ਪੁਲਿਸ ਵਿੱਚ ਬਤੌਰ ASI ਸੀ ਅਤੇ ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਪੈਂਦੇ ਧਾਰੀਵਾਲ-ਬਟਾਲਾ ਰੋਡ ਉਪਰ ਨਾਕਾ ਬਿੱਧੀਪੁਰ ਵਿੱਚ ਡਿਊਟੀ ਕਰਦਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਹਰਜੀਤ ਕੌਰ, ਲੜਕਾ ਸਾਹਿਲਪ੍ਰੀਤ ਸਿੰਘ ਅਤੇ ਬੇਟੀ ਗੁਰਸਿਮਰਨ ਕੌਰ ਛੱਡ ਗਿਆ ਹੈ।
ਮਾਮਲੇ ਸਬੰਧੀ ਸ਼ਿਕਾਇਤ ’ਚ ਬਲਕਾਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਲਾਧੂਪੁਰ ਨੇ ਦਸਿਆ ਕਿ ਉਸ ਦਾ ਭਰਾ ਜਗਦੀਸ਼ ਸਿੰਘ 5 ਦਸੰਬਰ ਨੂੰ ਉਹ ਅਪਣੀ ਆਲਟੋ ਕਾਰ ’ਤੇ ਡਿਊਟੀ ’ਤੇ ਜਾ ਰਿਹਾ ਸੀ। ਜਦੋਂ ਉਹ ਪਿੰਡ ਭੁੰਬਲੀ ਦੇ ਪਟਰੌਲ ਪੰਪ ਤੋਂ ਥੋੜਾ ਅੱਗੇ ਪਹੁੰਚਿਆ ਤਾਂ ਸਾਹਮਣੇ ਤੋਂ ਇਕ ਮੋਟਰਸਾਈਕਲ ਆਇਆ, ਜਿਸ ਨੂੰ ਜਗਦੀਪ ਸਿੰਘ ਵਾਸੀ ਕੰਘ ਚਲਾ ਰਿਹਾ ਸੀ।
ਉਸ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀ ਅਪਣਾ ਮੋਟਰਸਾਈਕਲ ਲਾਪਰਵਾਹੀ ਨਾਲ ਚਲਾਉਂਦੇ ਹੋਏ ਗ਼ਲਤ ਸਾਈਡ ਤੋਂ ਲਿਆ ਕੇ ASI ਜਗਦੀਸ਼ ਸਿੰਘ ਦੀ ਕਾਰ ’ਚ ਮਾਰਿਆ, ਜਿਸ ਨੂੰ ਬਚਾਉਂਦੇ ਹੋਏ ਜਗਦੀਸ਼ ਸਿੰਘ ਦੀ ਕਾਰ ਦਰੱਖਤ ਨਾਲ ਜਾ ਟਕਰਾਈ, ਜਿਸ ਨਾਲ ਜਗਦੀਸ਼ ਸਿੰਘ ਜ਼ਖ਼ਮੀ ਹੋ ਗਿਆ। ਜਿਸ ਦੀ ਸਿਵਲ ਹਸਪਤਾਲ ਲਿਜਾਉਣ ਮੌਕੇ ਰਸਤੇ ’ਚ ਮੌਤ ਹੋ ਗਈ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਜਗਦੀਪ ਸਿੰਘ ਵਿਰੁਧ ਮਾਮਲਾ ਦਰਜ ਕੀਤਾ ਹੈ।