ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਦੁਬਈ ਤੋਂ ਆਏ ਇਕ ਯਾਤਰੀ ਕੋਲੋਂ 68.67 ਲੱਖ ਰੁਪਏ ਦਾ ਸੋਨਾ ਬਰਾਮਦ ਹੋਇਆ ਹੈ। ਕਸਟਮ ਕਮਿਸ਼ਨਰੇਟ ਦੀ ਏਅਰ ਇੰਟੈਲੀਜੈਂਸ ਯੂਨਿਟ ਨੇ ਮੰਗਲਵਾਰ ਨੂੰ ਦੁਬਈ ਤੋਂ ਸਪਾਈਸਜੈੱਟ ਦੀ ਉਡਾਣ ’ਤੇ ਆਏ ਇਕ ਯਾਤਰੀ ਤੋਂ 1159 ਗ੍ਰਾਮ ਤਸਕਰੀ ਕੀਤਾ ਗਿਆ ਸੋਨਾ ਜ਼ਬਤ ਕੀਤਾ।
ਕਸਟਮ ਵਿਭਾਗ ਦੇ ਬੁਲਾਰੇ ਅਨੁਸਾਰ ਸਪਾਈਸਜੈੱਟ ਦੀ ਉਡਾਣ ਨੰਬਰ SG 56 ਦੁਬਈ ਤੋਂ ਉਡਾਣ ਭਰਨ ਤੋਂ ਬਾਅਦ ਮੰਗਲਵਾਰ ਨੂੰ ਐੱਸਜੀਆਰਡੀ ਹਵਾਈ ਅੱਡੇ ’ਤੇ ਉਤਰੀ। ਇਸ ਦੌਰਾਨ ਅਧਿਕਾਰੀਆਂ ਨੇ ਇਕ ਯਾਤਰੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਉਸ ਦੇ ਸਾਮਾਨ ਦੀ ਜਾਂਚ ਕੀਤੀ, ਪਰ ਏਅਰ ਇੰਟੈਲੀਜੈਂਸ ਯੂਨਿਟ ਨੂੰ ਕੁਝ ਨਹੀਂ ਮਿਲਿਆ। ਇਸ ਤੋਂ ਬਾਅਦ ਜਦੋਂ ਅਧਿਕਾਰੀਆਂ ਨੇ ਇਸ ਯਾਤਰੀ ਦੀ ਪੱਗੜੀ ਦੀ ਜਾਂਚ ਕੀਤੀ।
ਯਾਤਰੀ ਦੇ ਪੱਗੜੀ ਦੇ ਅੰਦਰ ਲੁਕੋਏ ਦੋ ਪੈਕਟ ਬਰਾਮਦ ਹੋਏ। ਇਕ ਪੈਕੇਟ 813 ਗ੍ਰਾਮ ਦਾ ਅਤੇ ਦੂਜਾ ਪੈਕੇਟ 819 ਗ੍ਰਾਮ ਦਾ ਸੀ। ਉਨ੍ਹਾਂ ਨੂੰ ਖੋਲ੍ਹਣ ’ਤੇ ਪਤਾ ਲੱਗਾ ਕਿ ਉਕਤ ਯਾਤਰੀ ਦੁਬਈ ਤੋਂ ਤਰਲ ਰੂਪ ’ਚ ਸੋਨਾ ਆਪਣੀ ਪੱਗ ’ਚ ਲੁਕਾ ਕੇ ਗ਼ੈਰ-ਕਾਨੂੰਨੀ ਢੰਗ ਨਾਲ ਲਿਆਇਆ ਸੀ।