ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਮੰਗਲਵਾਰ ਨੂੰ 12 ਪੈਸੇ ਦੀ ਗਿਰਾਵਟ ਨਾਲ 85.64 ਦੇ ਸੱਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ। ਵਿਦੇਸ਼ੀ ਫੰਡਾਂ ਦੀ ਭਾਰੀ ਨਿਕਾਸੀ ਅਤੇ ਆਲਮੀ ਬਾਜ਼ਾਰਾਂ ਵਿਚ ਡਾਲਰ ਦੇ ਮਜ਼ਬੂਤ ਰੁਝਾਨ ਕਾਰਨ ਸਾਲ ਵਿਚ 3 ਫ਼ੀ ਸਦੀ ਦੀ ਭਾਰੀ ਗਿਰਾਵਟ ਆਈ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਵਿਆਜ ਦਰਾਂ ’ਚ ਕਟੌਤੀ ਅਤੇ ਡਾਲਰ ਇੰਡੈਕਸ (ਡੀ.ਐਕਸ.ਵਾਈ.) ਅਤੇ ਅਮਰੀਕੀ 10 ਸਾਲ ਦੇ ਬਾਂਡ ਯੀਲਡ ’ਤੇ ਫੈਡਰਲ ਰਿਜ਼ਰਵ ਬੈਂਕ ਦੇ ਸਖਤ ਰੁਖ ਕਾਰਨ ਰੁਪਏ ’ਤੇ ਦਬਾਅ ਬਣਿਆ ਹੋਇਆ ਹੈ।
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ’ਚ ਰੁਪਿਆ 85.54 ਦੇ ਪੱਧਰ ’ਤੇ ਖੁੱਲ੍ਹਿਆ ਅਤੇ ਦਿਨ ਦੇ ਹੇਠਲੇ ਪੱਧਰ 85.66 ਦੇ ਪੱਧਰ ਨੂੰ ਛੂਹ ਗਿਆ। ਕਾਰੋਬਾਰ ਦੇ ਅੰਤ ’ਚ ਡਾਲਰ ਦੇ ਮੁਕਾਬਲੇ ਰੁਪਿਆ 12 ਪੈਸੇ ਦੀ ਗਿਰਾਵਟ ਨਾਲ 85.64 ਦੇ ਪੱਧਰ ’ਤੇ ਬੰਦ ਹੋਇਆ। ਘਰੇਲੂ ਮੁਦਰਾ ਇਸ ਸਾਲ ਡਾਲਰ ਦੇ ਮੁਕਾਬਲੇ ਲਗਭਗ 3 ਫ਼ੀ ਸਦੀ ਡਿੱਗ ਗਈ ਹੈ। ਰੁਪਿਆ 29 ਦਸੰਬਰ 2023 ਨੂੰ 83.16 ਪ੍ਰਤੀ ਡਾਲਰ ’ਤੇ ਬੰਦ ਹੋਇਆ ਸੀ ਅਤੇ 31 ਦਸੰਬਰ 2024 ਨੂੰ ਡਿੱਗ ਕੇ 85.64 ਪ੍ਰਤੀ ਡਾਲਰ ’ਤੇ ਆ ਗਿਆ।
ਸਥਾਨਕ ਮੁਦਰਾ 10 ਅਕਤੂਬਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 84 ਦੇ ਅੰਕੜੇ ਨੂੰ ਪਾਰ ਕਰ ਗਈ ਸੀ ਅਤੇ 19 ਦਸੰਬਰ ਨੂੰ 85 ਰੁਪਏ ਪ੍ਰਤੀ ਡਾਲਰ ਨੂੰ ਪਾਰ ਕਰ ਗਈ ਸੀ। ਰੁਪਿਆ 27 ਦਸੰਬਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 85.80 ਦੇ ਸੱਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਸੀ, ਜੋ ਲਗਭਗ ਦੋ ਸਾਲਾਂ ਵਿਚ ਇਕ ਸੈਸ਼ਨ ਦੀ ਸੱਭ ਤੋਂ ਵੱਡੀ ਗਿਰਾਵਟ ਹੈ। ਮੀਰੇ ਅਸੈਟ ਸ਼ੇਅਰਖਾਨ ਦੇ ਰੀਸਰਚ ਐਨਾਲਿਸਟ ਅਨੁਜ ਚੌਧਰੀ ਨੇ ਕਿਹਾ ਕਿ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ, ਅਮਰੀਕੀ ਡਾਲਰ ਦੀ ਮਜ਼ਬੂਤੀ ਅਤੇ ਆਯਾਤਕਾਂ ਵਲੋਂ ਡਾਲਰ ਦੀ ਭਾਰੀ ਮੰਗ ਕਾਰਨ ਰੁਪਏ ਦੇ ਨਕਾਰਾਤਮਕ ਰੁਝਾਨ ਨਾਲ ਕਾਰੋਬਾਰ ਕਰਨ ਦੀ ਉਮੀਦ ਹੈ।
ਇਸ ਤੋਂ ਇਲਾਵਾ, ਵਿਦੇਸ਼ੀ ਪੂੰਜੀ ਦੇ ਨਿਰੰਤਰ ਬਾਹਰ ਜਾਣ ਨੇ ਘਰੇਲੂ ਮੁਦਰਾ ’ਤੇ ਹੋਰ ਦਬਾਅ ਪਾਇਆ। ਸ਼ੇਅਰ ਬਾਜ਼ਾਰ ਦੇ ਅਸਥਾਈ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸੋਮਵਾਰ ਨੂੰ 1,893.16 ਕਰੋੜ ਰੁਪਏ ਦੇ ਸ਼ੇਅਰ ਵੇਚੇ। ਘਰੇਲੂ ਸ਼ੇਅਰ ਬਾਜ਼ਾਰ ’ਚ ਬੀ.ਐਸ.ਈ. ਸੈਂਸੈਕਸ 109.12 ਅੰਕ ਯਾਨੀ 0.14 ਫੀ ਸਦੀ ਦੀ ਗਿਰਾਵਟ ਨਾਲ 78,139.01 ਅੰਕ ’ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 644.80 ਅੰਕ ’ਤੇ ਸਥਿਰ ਰਿਹਾ।