ਲੁਧਿਆਣਾ ਸ਼ਹਿਰ ਦੇ ਜਗਰਾਓਂ ਦੇ ਪਿੰਡ ਕਮਾਲਪੁਰ ‘ਚ ਵੀਰਵਾਰ ਰਾਤ ਕਰੀਬ 10 ਵਜੇ ਕੁਝ ਬਦਮਾਸ਼ਾਂ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਸਦਰ ਥਾਣੇ ਦਾ ਐਸਐਚਓ ਹਰਸ਼ਵੀਰ ਸਿੰਘ, ਚੌਕੀ ਇੰਚਾਰਜ ਸਮੇਤ 4 ਮੁਲਾਜ਼ਮ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਦੇਰ ਰਾਤ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਮਿਲੀ ਜਾਣਕਾਰੀ ਅਨੁਸਾ ਕਰੀਬ 4 ਦਿਨ ਪਹਿਲਾਂ ਪਿੰਡ ਸੰਗੋਵਾਲ ਵਿੱਚ ਗੰਨ ਪੁਆਇੰਟ ’ਤੇ ਇੱਕ ਆਲਟੋ ਕਾਰ ਲੁੱਟੀ ਗਈ ਸੀ। ਘਟਨਾ ਸਮੇਂ ਮੁਲਜ਼ਮਾਂ ਨੇ ਨਿਹੰਗਾਂ ਦਾ ਪਹਿਰਾਵਾ ਪਾਇਆ ਹੋਇਆ ਸੀ। ਕਾਰ ਲੁੱਟ ਖੋਹ ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਉਕਤ ਮੁਲਜ਼ਮਾਂ ਤੱਕ ਪਹੁੰਚੀ ਸੀ। ਜਿਥੇ ਬਦਮਾਸ਼ਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।
ਹਮਲੇ ਵਿੱਚ ਐਸ.ਐਚ.ਓ ਦੀ ਅੱਖ ਨੇੜੇ ਇਕ ਛੋਟੀ ਤਲਵਾਰ, ਜਦੋਂ ਕਿ ਚੌਕੀ ਇੰਚਾਰਜ ਦੀਆਂ ਉਂਗਲਾਂ ‘ਤੇ ਸੱਟਾਂ ਲੱਗੀਆਂ। ਐਸ.ਐਚ.ਓ ਇੱਕ ਨਿੱਜੀ ਹਸਪਤਾਲ ਤੋਂ ਆਪਣਾ ਇਲਾਜ ਕਰਵਾ ਰਿਹਾ ਹੈ। ਤੇਜ਼ਧਾਰ ਹਥਿਆਰ ਦੇ ਹਮਲੇ ਕਾਰਨ ਉਸ ਦੇ ਚਿਹਰੇ ‘ਤੇ ਸੱਟ ਲੱਗੀ ਹੈ। ਪੁਲਿਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।