ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਇੱਕ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ਕਿ ਟਿਊਸ਼ਨ ਪੜ੍ਹ ਕੇ ਵਾਪਸ ਆ ਰਹੇ 2 ਬੱਚੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਇਸ ਦੌਰਾਨ ਇੱਕ ਦੀ ਮੌਤ ਹੋ ਗਈ। ਇਹ ਭਿਆਨਕ ਸੜਕ ਹਾਦਸਾ ਅੰਮ੍ਰਿਤਸਰ ਬਾਈਪਾਸ ਵੇਰਕਾ ਚੌਂਕ ਦੇ ਕੋਲ ਵਾਪਰਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਦੋਵੇਂ ਬੱਚੇ ਟਿਊਸ਼ਨ ਪੜ੍ਹ ਕੇ ਵਾਪਸ ਆ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਇੱਕ ਪ੍ਰਾਈਵੇਟ ਬੱਸ ਨੇ ਟੱਕਰ ਮਾਰ ਦਿੱਤੀ।

    ਦੱਸਿਆ ਜਾ ਰਿਹਾ ਹੈ ਕਿ ਇੱਕ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੂਸਰਾ ਗੰਭੀਰ ਰੂਪ ‘ਚ ਜ਼ਖਮੀ ਹੈ ਅਤੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਉਹ ਜੇਰੇ ਇਲਾਜ ਹੈ ਅਤੇ ਉਸਦੀ ਸਥਿਤੀ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ।

    ਇਸ ਦੌਰਾਨ ਲੋਕਾਂ ਨੇ ਸੜਕ ‘ਤੇ ਬੈਠ ਕੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਇਨਸਾਫ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਬੱਸ ਦਾ ਡਰਾਈਵਰ ਬੱਚਿਆਂ ਨੂੰ ਕੁਚਲਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਅਤੇ ਲੋਕਾਂ ਨੇ ਬੱਸ ਕਬਜ਼ੇ ਵਿੱਚ ਲੈ ਕੇ ਪੁਲਿਸ ਨੂੰ ਸੂਚਿਤ ਕੀਤਾ।

    ਮ੍ਰਿਤਕ ਬੱਚੇ ਦੀ ਪਛਾਣ ਪ੍ਰਭਜੀਤ ਸਿੰਘ ਵਜੋਂ ਹੋਈ ਹੈ ਅਤੇ ਉਸ ਦੀ ਉਮਰ ਮਹਿਜ਼ 16 ਸਾਲ ਸੀ। ਬੱਚੇ ਦੇ ਪਰਿਵਾਰ ‘ਚ ਸੋਗ ਦੀ ਲਹਿਰ ਹੈ ਅਤੇ ਉਨ੍ਹਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਗਈ ਹੈ।

    ਪੰਜਾਬ ਵਿੱਚ ਸੜਕ ਹਾਦਸੇ ਕਾਫੀ ਵੱਧ ਰਹੇ ਹਨ ਅਤੇ ਆਉਣ ਵਾਲੇ ਸਮੇਂ ‘ਚ ਜਦੋਂ ਸਰਦੀਆਂ ਵਿੱਚ ਧੁੰਦ ਦੀ ਪਰਤ ਚੜ੍ਹਨੀ ਸ਼ੁਰੂ ਹੋਵੇਗੀ ਤਾਂ ਲੋਕਾਂ ਨੂੰ ਹੋਰ ਸਾਵਧਾਨੀ ਬਰਤਨ ਦੀ ਲੋੜ ਹੋਵੇਗੀ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਸੜਕ ਹਾਦਸੇ ਹੋਰ ਵੱਧ ਸਕਦੇ ਹਨ। ਗੌਰਤਲਬ ਹੈ ਕਿ ਜਦੋਂ ਵੀ ਸੜਕ ਹਾਦਸੇ ‘ਚ ਕਿਸੇ ਜੀਅ ਦੀ ਮੌਤ ਹੁੰਦੀ ਹੈ ਤਾਂ ਉਸਦਾ ਅਸਰ ਪੂਰੇ ਪਰਿਵਾਰ ‘ਤੇ ਪੈਂਦਾ ਹੈ।