ਇੰਦੌਰ ‘ਚ ਇਕ 40 ਸਾਲਾ ਔਰਤ ਦੇ ਪਤੀ ਅਤੇ ਉਸ ਦੀ ਪ੍ਰੇਮਿਕਾ ਨੂੰ ਬੁੱਧਵਾਰ ਨੂੰ ਉਸ ‘ਤੇ ਤਸ਼ੱਦਦ ਕਰਨ ਅਤੇ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਔਰਤ ਨੇ ਆਪਣੇ ਪਤੀ ਅਤੇ ਉਸਦੀ ਪ੍ਰੇਮਿਕਾ ਦੁਆਰਾ ਕਥਿਤ ਤਸ਼ੱਦਦ ਦੀ ਕਹਾਣੀ ਆਪਣੀ ਬਾਂਹ ‘ਤੇ ਲਿਖ ਕੇ ਖੁਦਕੁਸ਼ੀ ਕਰ ਲਈ, ਜਿਸ ਨੂੰ ਪੁਲਿਸ ਨੇ “ਸੁਸਾਈਡ ਨੋਟ” ਮੰਨਿਆ ਅਤੇ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਵਧੀਕ ਡਿਪਟੀ ਕਮਿਸ਼ਨਰ ਪੁਲਿਸ ਰਾਜੇਸ਼ ਡੰਡੋਤੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਵਿਤਾ ਪਾਟਿਲ (40) ਨੇ 15 ਅਪ੍ਰੈਲ ਦੀ ਸਵੇਰ ਨੂੰ ਤੇਜਾਜੀ ਨਗਰ ਇਲਾਕੇ ‘ਚ ਆਪਣੇ ਘਰ ‘ਚ ਫਾਹਾ ਲੈ ਕੇ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰ ਲਈ ਸੀ। ਡੰਡੋਤੀਆ ਨੇ ਕਿਹਾ ਕਿ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਕਵਿਤਾ ਨੇ ਆਪਣੀ ਬਾਂਹ ‘ਤੇ ਪੈੱਨ ਨਾਲ ਮਰਾਠੀ ’ਚ ਸੁਸਾਇਡ ਨੋਟ ਲਿਖਿਆ ਸੀ ਕਿ ਉਸ ਦੇ ਪਤੀ ਪੰਕਜ ਪਾਟਿਲ ਅਤੇ ਇਸ ਵਿਅਕਤੀ ਦੀ ਪ੍ਰੇਮਿਕਾ ਨਮਰਤਾ ਨੇ ਦੋਵੇਂ ਉਸ ਦੀ ਮੌਤ ਲਈ ਜ਼ਿੰਮੇਵਾਰ ਹਨ।
ਉਸਨੇ ਦੱਸਿਆ ਕਿ ਇਸ “ਸੁਸਾਈਡ ਨੋਟ” ਦੇ ਆਧਾਰ ‘ਤੇ ਕਵਿਤਾ ਦੇ ਪਤੀ ਅਤੇ ਉਸਦੀ ਪ੍ਰੇਮਿਕਾ ਦੇ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 306 (ਖ਼ੁਦਕੁਸ਼ੀ ਲਈ ਉਕਸਾਉਣ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਵਿਆਹੁਤਾ ਦੀ ਮੌਤ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।