ਬਾਲੀਵੁੱਡ ਫਿਲਮ ਇੰਡਸਟਰੀ ਤੋਂ ਇਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਹਿੰਦੀ ਫਿਲਮ ਇੰਡਸਟਰੀ ਦੇ ਦਿੱਗਜ ਅਦਾਕਾਰ ਅਤੇ ਫਿਲਮ ਨਿਰਦੇਸ਼ਕ ਮਨੋਜ ਕੁਮਾਰ ਨਹੀਂ ਰਹੇ। ਮਨੋਜ ਕੁਮਾਰ 87 ਸਾਲ ਦੀ ਉਮਰ ‘ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉੱਘੇ ਅਦਾਕਾਰ ਦੇ ਦਿਹਾਂਤ ਨਾਲ ਇੰਡਸਟਰੀ ‘ਚ ਸੋਗ ਦੀ ਲਹਿਰ ਹੈ।

ਮਨੋਜ ਕੁਮਾਰ ਨੂੰ ‘ਭਾਰਤ ਕੁਮਾਰ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਉਨ੍ਹਾਂ ਨੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ‘ਚ ਆਖਰੀ ਸਾਹ ਲਿਆ। ਮਨੋਜ ਕੁਮਾਰ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ ਅਤੇ ਹਸਪਤਾਲ ਵਿੱਚ ਦਾਖ਼ਲ ਸਨ। ਇਸ ਦੇ ਨਾਲ ਹੀ ਸ਼ੁੱਕਰਵਾਰ ਸਵੇਰੇ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਜਦੋਂ ਤੋਂ ਮਨੋਜ ਕੁਮਾਰ ਦੇ ਦਿਹਾਂਤ ਦੀ ਖਬਰ ਸਾਹਮਣੇ ਆਈ ਹੈ, ਸਿਤਾਰੇ ਅਤੇ ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ 24 ਜੁਲਾਈ 1937 ਨੂੰ ਪੈਦਾ ਹੋਏ ਮਨੋਜ ਕੁਮਾਰ ਦਾ ਅਸਲੀ ਨਾਂ ਹਰਿਕ੍ਰਿਸ਼ਨ ਗਿਰੀ ਗੋਸਵਾਮੀ ਹੈ। ਫਿਲਮਾਂ ‘ਚ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਨਾਂ ਬਦਲ ਕੇ ਮਨੋਜ ਕੁਮਾਰ ਰੱਖ ਲਿਆ। ਮਨੋਜ ਕੁਮਾਰ ਦੇਸ਼ ਭਗਤੀ ਦੀਆਂ ਫਿਲਮਾਂ ਲਈ ਜਾਣੇ ਜਾਂਦੇ ਸਨ। ਇਸ ਕਾਰਨ ਉਨ੍ਹਾਂ ਨੂੰ ਬਾਲੀਵੁੱਡ ਦਾ ‘ਭਾਰਤ ਕੁਮਾਰ’ ਕਿਹਾ ਜਾਂਦਾ ਸੀ।
ਮਨੋਜ ਕੁਮਾਰ ਨੂੰ ਅਦਾਕਾਰੀ ਦੇ ਨਾਲ-ਨਾਲ ਸ਼ਾਨਦਾਰ ਨਿਰਦੇਸ਼ਨ ਲਈ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਦੇਸ਼ ਭਗਤੀ ‘ਤੇ ਬਣੀਆਂ ਕਈ ਫਿਲਮਾਂ ‘ਚ ਨਾ ਸਿਰਫ ਕੰਮ ਕੀਤਾ ਸਗੋਂ ਇਨ੍ਹਾਂ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ। ਫਿਲਮਾਂ ਦੀ ਗੱਲ ਕਰੀਏ ਤਾਂ ਮਨੋਜ ਨੂੰ ‘ਸ਼ਹੀਦ’, ‘ਉਪਕਾਰ’, ‘ਪੂਰਬ ਔਰ ਪਸ਼ਚਿਮ’, ਅਤੇ ‘ਰੋਟੀ ਕਪੜਾ ਔਰ ਮਕਾਨ’, ‘ਦਸ ਨੰਬਰੀ’ ਅਤੇ ‘ਕ੍ਰਾਂਤੀ’ ਲਈ ਜਾਣਿਆ ਜਾਂਦਾ ਹੈ। ਇੰਨਾ ਹੀ ਨਹੀਂ, ਮਨੋਜ ਕੁਮਾਰ ਨੂੰ ਭਾਰਤੀ ਸਿਨੇਮਾ ਵਿੱਚ ਯੋਗਦਾਨ ਲਈ 1992 ਵਿੱਚ ਪਦਮਸ਼੍ਰੀ ਅਤੇ 2015 ਵਿੱਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।