ਅਧਿਆਪਕ ਭਰਤੀ ਘੁਟਾਲੇ ( Teacher recruitment scam ) ਮਾਮਲੇ ‘ਚ ਪੱਛਮੀ ਬੰਗਾਲ (West Bengal) ਦੀ ਮਮਤਾ ਬੈਨਰਜੀ ਸਰਕਾਰ ਨੂੰ ਕਲਕੱਤਾ ਹਾਈਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਹਾਈ ਕੋਰਟ ਨੇ ਪੱਛਮੀ ਬੰਗਾਲ ਸਕੂਲ ਸੇਵਾ ਕਮਿਸ਼ਨ ਪੈਨਲ ਦੁਆਰਾ ਕੀਤੀ ਗਈ ਸਕੂਲ ਅਧਿਆਪਕ ਭਰਤੀ ਨੂੰ ਰੱਦ ਕਰ ਦਿੱਤਾ ਹੈ। ਹਾਈਕੋਰਟ ਨੇ 2016 ਦੇ ਪੂਰੇ ਜੌਬ ਪੈਨਲ ਨੂੰ ਰੱਦ ਕਰ ਦਿੱਤਾ ਹੈ ਅਤੇ ਲਗਭਗ 24 ਹਜ਼ਾਰ ਨੌਕਰੀਆਂ ਹਾਈ ਕੋਰਟ ਨੇ ਰੱਦ ਕਰ ਦਿੱਤੀਆਂ ਹਨ। ਇਸ ਭਰਤੀ ਵਿੱਚ 5 ਤੋਂ 15 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਆਰੋਪ ਹਨ।
ਤੁਹਾਨੂੰ ਦੱਸ ਦੇਈਏ ਕਿ ਅਧਿਆਪਕ ਭਰਤੀ ਘੁਟਾਲੇ ‘ਚ ਸਾਬਕਾ ਸਿੱਖਿਆ ਮੰਤਰੀ ਪਾਰਥਾ ਚੈਟਰਜੀ ਅਤੇ ਤ੍ਰਿਣਮੂਲ ਦੇ ਕਈ ਅਧਿਕਾਰੀਆਂ ਦੇ ਨਾਲ-ਨਾਲ ਰਾਜ ਦੇ ਸਿੱਖਿਆ ਵਿਭਾਗ ਦੇ ਕਈ ਅਧਿਕਾਰੀ ਵੀ ਸਲਾਖਾਂ ਪਿੱਛੇ ਜਾ ਚੁੱਕੇ ਹਨ। ਕੋਲਕਾਤਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਈਡੀ ਅਤੇ ਸੀਬੀਆਈ ਦੋਵੇਂ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀ ਹੈ।
2014 ਵਿੱਚ ਹੋਇਆ ਸੀ ਘੁਟਾਲਾ
ਇਹ ਘਪਲਾ 2014 ਦਾ ਹੈ। ਉਦੋਂ ਪੱਛਮੀ ਬੰਗਾਲ ਸਕੂਲ ਸੇਵਾ ਕਮਿਸ਼ਨ (ਐਸਐਸਸੀ) ਨੇ ਪੱਛਮੀ ਬੰਗਾਲ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਕੀਤੀ ਸੀ। ਇਹ ਭਰਤੀ ਪ੍ਰਕਿਰਿਆ 2016 ਵਿੱਚ ਸ਼ੁਰੂ ਹੋਈ ਸੀ। ਉਸ ਸਮੇਂ ਪਾਰਥ ਚੈਟਰਜੀ ਸਿੱਖਿਆ ਮੰਤਰੀ ਸਨ। ਇਸ ਮਾਮਲੇ ਵਿੱਚ ਬੇਨਿਯਮੀਆਂ ਦੀਆਂ ਕਈ ਸ਼ਿਕਾਇਤਾਂ ਕੋਲਕਾਤਾ ਹਾਈ ਕੋਰਟ ਵਿੱਚ ਦਾਇਰ ਕੀਤੀਆਂ ਗਈਆਂ ਸਨ।
ਟੀਈਟੀ ਪ੍ਰੀਖਿਆ ਵਿੱਚ ਫੇਲ ਉਮੀਦਵਾਰਾਂ ਨੂੰ ਵੀ ਮਿਲ ਗਈਆਂ ਨੌਕਰੀਆਂ
ਪਟੀਸ਼ਨਰਾਂ ਨੇ ਦੋਸ਼ ਲਾਇਆ ਕਿ ਜਿਨ੍ਹਾਂ ਉਮੀਦਵਾਰਾਂ ਦੇ ਅੰਕ ਘੱਟ ਸਨ, ਉਨ੍ਹਾਂ ਨੂੰ ਮੈਰਿਟ ਸੂਚੀ ਵਿੱਚ ਉੱਚ ਦਰਜਾ ਦਿੱਤਾ ਗਿਆ ਹੈ। ਇੰਨਾ ਹੀ ਨਹੀਂ, ਕੁਝ ਅਜਿਹੀਆਂ ਸ਼ਿਕਾਇਤਾਂ ਵੀ ਆਈਆਂ ਸਨ, ਜਿਨ੍ਹਾਂ ‘ਚ ਕਿਹਾ ਗਿਆ ਸੀ ਕਿ ਕੁਝ ਉਮੀਦਵਾਰਾਂ ਦਾ ਨਾਂ ਮੈਰਿਟ ਸੂਚੀ ‘ਚ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਸਨ।
ਪਟੀਸ਼ਨਰਾਂ ਨੇ ਦਾਅਵਾ ਕੀਤਾ ਕਿ ਕੁਝ ਅਜਿਹੇ ਉਮੀਦਵਾਰਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ ,ਜਿਨ੍ਹਾਂ ਨੇ ਟੀਈਟੀ ਦੀ ਪ੍ਰੀਖਿਆ ਵੀ ਪਾਸ ਨਹੀਂ ਕੀਤੀ ਸੀ। ਜਦੋਂ ਕਿ ਰਾਜ ਵਿੱਚ ਅਧਿਆਪਕ ਭਰਤੀ ਲਈ ਟੀਈਟੀ ਪ੍ਰੀਖਿਆ ਪਾਸ ਕਰਨਾ ਲਾਜ਼ਮੀ ਹੈ। ਇਸੇ ਤਰ੍ਹਾਂ, 2016 ਵਿੱਚ ਰਾਜ ਵਿੱਚ ਐਸਐਸਸੀ ਦੁਆਰਾ ਗਰੁੱਪ ਡੀ ਦੀਆਂ 13000 ਭਰਤੀਆਂ ਬਾਰੇ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ।
ਇਨ੍ਹਾਂ ਸਾਰੀਆਂ ਪਟੀਸ਼ਨਾਂ ‘ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਈਡੀ ਨੇ ਅਧਿਆਪਕਾਂ ਦੀ ਭਰਤੀ ਅਤੇ ਸਟਾਫ਼ ਭਰਤੀ ਦੇ ਮਾਮਲੇ ਵਿੱਚ ਮਨੀ ਟ੍ਰੇਲ ਦੀ ਜਾਂਚ ਸ਼ੁਰੂ ਕੀਤੀ। ਸੀਬੀਆਈ ਨੇ 18 ਮਈ ਨੂੰ ਇਸ ਮਾਮਲੇ ਵਿੱਚ ਪਾਰਥਾ ਚੈਟਰਜੀ ਤੋਂ ਵੀ ਪੁੱਛਗਿੱਛ ਕੀਤੀ ਸੀ।
ਕੇਂਦਰੀ ਏਜੰਸੀਆਂ ਕਰ ਰਹੀਆਂ ਜਾਂਚ
ਕਲਕੱਤਾ ਹਾਈ ਕੋਰਟ ਵੱਲੋਂ ਦਿੱਤੇ ਹੁਕਮਾਂ ਤੋਂ ਬਾਅਦ ਈਡੀ ਅਤੇ ਸੀਬੀਆਈ ਦੋਵੇਂ ਏਜੰਸੀਆਂ ਅਧਿਆਪਕ ਭਰਤੀ ਵਿੱਚ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀਆਂ ਹਨ। ਜਾਂਚ ਦੌਰਾਨ ਪ੍ਰਸੰਨਾ ਰਾਏ ਦਾ ਨਾਂ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਪਿਛਲੇ ਸਾਲ ਦਸੰਬਰ ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਧਿਆਪਕ ਭਰਤੀ ਘੁਟਾਲੇ ਮਾਮਲੇ ‘ਚ ਕੋਲਕਾਤਾ ‘ਚ ਚਾਰਟਰਡ ਅਕਾਊਂਟੈਂਟਸ, ਕਾਰੋਬਾਰੀਆਂ ਅਤੇ ਹੋਰਾਂ ਦੇ ਘਰਾਂ ਅਤੇ ਦਫਤਰਾਂ ‘ਤੇ ਛਾਪੇਮਾਰੀ ਕੀਤੀ ਸੀ।