ਘਰੇਲੂ ਮੰਗ ’ਚ ਮਜ਼ਬੂਤੀ ਅਤੇ ਮਜ਼ਬੂਤ ਆਲਮੀ ਸੰਕੇਤਾਂ ਨਾਲ ਦਿੱਲੀ ਸਰਾਫਾ ਬਾਜ਼ਾਰ ’ਚ ਸ਼ੁਕਰਵਾਰ ਨੂੰ ਸੋਨੇ ਦੀ ਕੀਮਤ 84,900 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰੀਕਾਰਡ ਉੱਚੇ ਪੱਧਰ ’ਤੇ ਪਹੁੰਚ ਗਈ। 99.9 ਫੀ ਸਦੀ ਸ਼ੁੱਧਤਾ ਵਾਲਾ ਸੋਨਾ ਲਗਾਤਾਰ ਤੀਜੇ ਸੈਸ਼ਨ ’ਚ 1,100 ਰੁਪਏ ਦੀ ਤੇਜ਼ੀ ਨਾਲ 84,900 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਸਿਖਰ ’ਤੇ ਪਹੁੰਚ ਗਿਆ।
ਸਥਾਨਕ ਬਾਜ਼ਾਰ ’ਚ 1 ਜਨਵਰੀ ਨੂੰ ਸੋਨੇ ਦੀ ਕੀਮਤ 79,390 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਹੋਣ ਤੋਂ ਬਾਅਦ ਸੋਨੇ ’ਚ 5,510 ਰੁਪਏ ਜਾਂ 7 ਫੀ ਸਦੀ ਦੀ ਤੇਜ਼ੀ ਆਈ ਹੈ। 99.5 ਫੀ ਸਦੀ ਸ਼ੁੱਧਤਾ ਵਾਲਾ ਸੋਨਾ 1,100 ਰੁਪਏ ਦੀ ਤੇਜ਼ੀ ਨਾਲ 84,500 ਰੁਪਏ ਪ੍ਰਤੀ 10 ਗ੍ਰਾਮ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ। ਸ਼ੁਕਰਵਾਰ ਨੂੰ ਚਾਂਦੀ 850 ਰੁਪਏ ਦੀ ਤੇਜ਼ੀ ਨਾਲ 95,000 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ। ਵੀਰਵਾਰ ਨੂੰ ਸੋਨਾ 94,150 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਇਆ ਸੀ।
ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਕਮੋਡਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ ਕਿ ਕੀਮਤੀ ਧਾਤਾਂ ’ਚ ਤੇਜ਼ੀ ਦੀ ਰਫਤਾਰ ਜਾਰੀ ਹੈ ਅਤੇ ਸ਼ੁਕਰਵਾਰ ਨੂੰ ਇੰਟਰਾਡੇ ਕਾਰੋਬਾਰ ’ਚ ਸਪਾਟ ਸੋਨਾ 2,800 ਡਾਲਰ ਦੇ ਪੱਧਰ ਨੂੰ ਪਾਰ ਕਰ ਗਿਆ, ਜਦਕਿ ਦਿੱਲੀ ਬਾਜ਼ਾਰ ’ਚ ਸੋਨੇ ਦੀ ਕੀਮਤ 84,000 ਰੁਪਏ ਦੇ ਪੱਧਰ ਨੂੰ ਪਾਰ ਕਰ ਗਈ। ਮਲਟੀ ਕਮੋਡਿਟੀ ਐਕਸਚੇਂਜ (ਐਮ.ਸੀ.ਐਕਸ.) ’ਤੇ ਫ਼ਰਵਰੀ ਡਿਲਿਵਰੀ ਲਈ ਸੋਨੇ ਦਾ ਇਕਰਾਰਨਾਮਾ 487 ਰੁਪਏ ਯਾਨੀ 0.6 ਫੀ ਸਦੀ ਦੀ ਤੇਜ਼ੀ ਨਾਲ 82,210 ਰੁਪਏ ਪ੍ਰਤੀ 10 ਗ੍ਰਾਮ ਦੇ ਰੀਕਾਰਡ ਉੱਚੇ ਪੱਧਰ ’ਤੇ ਪਹੁੰਚ ਗਿਆ।