ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੇ ਕਿਸਾਨਾਂ ਲਈ ਨਵੀਂ ਚੁਣੌਤੀ ਬਣਦੇ ਜਾ ਰਹੇ ਹਨ। ਅਮਰੀਕਾ ਚਾਹੁੰਦਾ ਹੈ ਕਿ ਭਾਰਤ ਅਪਣੇ ਕਿਸਾਨਾਂ ਤੋਂ ਮੱਕੀ, ਕਣਕ ਅਤੇ ਕਪਾਹ ਖਰੀਦੇ ਪਰ ਭਾਰਤ ਨੇ ਅਪਣੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਹਾਲ ਹੀ ਵਿਚ ਅਮਰੀਕਾ ਦੇ ਵਣਜ ਸਕੱਤਰ ਹਾਵਰਡ ਲੂਟਨਿਕ ਨੇ ਭਾਰਤ ਦੀਆਂ ਖੇਤੀ ਵਪਾਰ ਨੀਤੀਆਂ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਭਾਰਤ ਨੂੰ ਅਪਣਾ ਖੇਤੀ ਬਾਜ਼ਾਰ ਅਮਰੀਕਾ ਲਈ ਖੋਲ੍ਹਣਾ ਚਾਹੀਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਭਾਰਤ ਅਮਰੀਕੀ ਖੇਤੀ ਉਤਪਾਦਾਂ ਦੀ ਕੁਝ ਮਾਤਰਾ ਦਰਾਮਦ ਕਰ ਸਕਦਾ ਹੈ ਪਰ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਨਾ ਸਹੀ ਨਹੀਂ ਹੈ। ਅਮਰੀਕਾ ਅਪਣੇ ਕਿਸਾਨਾਂ ਨੂੰ 100 ਫ਼ੀ ਸਦੀ ਤਕ ਸਬਸਿਡੀ ਦਿੰਦਾ ਹੈ, ਤਾਂ ਜੋ ਉਥੋਂ ਦੇ ਕਿਸਾਨ ਸਸਤੇ ਵਿਚ ਅਨਾਜ ਉਗਾ ਸਕਣ। ਭਾਰਤ ਅਮਰੀਕਾ ਨੂੰ ਚਾਵਲ, ਝੀਂਗਾ, ਸ਼ਹਿਦ, ਸਬਜ਼ੀਆਂ ਦੇ ਅਰਕ, ਕੈਸਟਰ ਆਇਲ ਅਤੇ ਕਾਲੀ ਮਿਰਚ ਵੇਚਦਾ ਹੈ, ਜਦਕਿ ਭਾਰਤ ਅਮਰੀਕਾ ਤੋਂ ਬਦਾਮ, ਅਖਰੋਟ, ਪਿਸਤਾ, ਸੇਬ ਅਤੇ ਦਾਲ ਖਰੀਦਦਾ ਹੈ। ਇਸ ਵਪਾਰ ਘਾਟੇ ਕਾਰਨ ਅਮਰੀਕਾ ਨੂੰ ਹਰ ਸਾਲ ਭਾਰਤ ਨੂੰ 45 ਬਿਲੀਅਨ ਡਾਲਰ ਦਾ ਭੁਗਤਾਨ ਕਰਨਾ ਪੈਂਦਾ ਹੈ।