ਤਰਨਤਾਰਨ ਜ਼ਿਲ੍ਹੇ ਦੇ ਪਿੰਡ ਢੋਟੀਆਂ ’ਚ ਅੱਜ ਦਿਨ ਦਿਹਾੜੇ ਲੁਟੇਰਿਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਸਟੇਟ ਬੈਂਕ ਆਫ ਇੰਡੀਆ ਨੂੰ ਲੁੱਟਣ ਆਏ ਚਾਰ ਲੁਟੇਰੇ ਪੀਸੀਆਰ ’ਤੇ ਤਾਇਨਾਤ ਪੁਲਿਸ ਮੁਲਾਜ਼ਮ ਨਾਲ ਭਿੜ ਗਏ। ਇਸ ਦੌਰਾਨ ਲੁਟੇਰਿਆਂ ਨੇ ਗੋਲ਼ੀ ਚਲਾ ਦਿੱਤੀ ਜਿਸ ਕਾਰਨ ਪੀਸੀਆਰ ਦਾ ਉਕਤ ਮੁਲਾਜ਼ਮ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਉਸ ਨੂੰ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਤਰਨਤਾਰਨ ਪੁਲਿਸ ਨੇ ਜ਼ਿਲ੍ਹੇ ’ਚ ਅਲਰਟ ਜਾਰੀ ਕਰ ਦਿੱਤਾ ਹੈ ਤੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਅੱਜ ਦੁਪਹਿਰ ਪਿੰਡ ਢੋਟੀਆਂ ’ਚ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ’ਤੇ ਚਾਰ ਹਥਿਆਰਬੰਦ ਲੁਟੇਰੇ ਲੁੱਟ ਦੀ ਮੰਸ਼ਾ ਨਾਲ ਆਏ। ਜਿਨ੍ਹਾਂ ਵਿੱਚੋਂ ਕੁਝ ਅੰਦਰ ਵੀ ਚਲੇ ਗਏ। ਇਸੇ ਦੌਰਾਨ ਪੀਸੀਆਰ ’ਚ ਤਾਇਨਾਤ ASI ਬਲਵਿੰਦਰ ਸਿੰਘ ਬੈਂਕ ਕੋਲ ਪਹੁੰਚਿਆ। ਸ਼ੱਕ ਹੋਣ ਕਾਰਨ ਬਲਵਿੰਦਰ ਸਿੰਘ ਨੇ ਬਾਹਰ ਖੜੇ ਵਿਅਕਤੀ ’ਤੋਂ ਪੁੱਛਗਿੱਛ ਕੀਤੀ। ਇਸ ਦੇ ਚੱਲਦਿਆਂ ਲੁਟੇਰਾ ਪੁਲਿਸ ਮੁਲਾਜ਼ਮ ਨਾਲ ਭਿੜ ਗਏ ਅਤੇ ASI ਉੱਪਰ ਗੋਲੀ ਚਲਾ ਦਿੱਤੀ। ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਲੁਟੇਰੇ ਮੌਕੇ ‘ਤੋਂ ਫਰਾਰ ਹੋ ਗਏ।
ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ’ਤੇ ਐੱਸਪੀ ਹੈੱਡ ਕੁਆਰਟ ਮਨਿੰਦਰ ਸਿੰਘ ਤੋਂ ਇਲਾਵਾ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਤੇ ਥਾਣਾ ਸਰਹਾਲੀ ਦੀ ਪੁਲਿਸ ਪਹੁੰਚ ਗਈ। ਐੱਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਚਾਰ ਲੁਟੇਰੇ ਬੈਂਕ ਲੁੱਟਣ ਆਏ ਸਨ ਜਿਨ੍ਹਾਂ ਦਾ ਪੁਲਿਸ ਮੁੁਲਾਜ਼ਮ ਨੇ ਬਹਾਦਰੀ ਨਾਲ ਮੁਕਾਬਲਾ ਕੀਤਾ। ਉਨ੍ਹਾਂ ਦੀ ਬਹਾਦਰੀ ਕਾਰਨ ਲੁਟੇਰੇ ਲੁੱਟ ਦੀ ਘਟਨਾ ਨੂੰ ਅੰਜ਼ਾਮ ਨਹੀਂ ਦੇ ਸਕੇ।
ਉਨ੍ਹਾਂ ਦੱਸਿਆ ਕਿ ASI ਬਲਵਿੰਦਰ ਸਿੰਘ ਦੇ ਗੋਲੀ ਲੱਗੀ ਹੈ ਅਤੇ ਉਸ ਨੂੰ ਤਰਨਤਾਰਨ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਿਥੇ ਸਕੈਨ ਰਾਂਹੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਸਦੇ ਕਿੰਨੀਆਂ ਗੋਲੀਆਂ ਲੱਗੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਘਟਨਾ ‘ਤੋਂ ਬਾਅਦ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਟੀਮਾਂ ਸਰਗਰਮ ਹਨ। ਜਲਦ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।