ਮਹਾਰਾਸ਼ਟਰ ਦੇ ਸੀਐਮ ਏਕਨਾਥ ਸ਼ਿੰਦੇ ਮੰਗਲਵਾਰ ਨੂੰ ਸਲਮਾਨ ਖਾਨ ਨੂੰ ਮਿਲਣ ਪਹੁੰਚੇ। ਮੁੱਖ ਮੰਤਰੀ ਨੇ ਬਾਲੀਵੁੱਡ ਸਟਾਰ ਨਾਲ ਉਨ੍ਹਾਂ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ ਤੋਂ ਬਾਅਦ ਮੁਲਾਕਾਤ ਕੀਤੀ। ਉਨ੍ਹਾਂ ਨੇ ਮੁੰਬਈ ਪੁਲਿਸ ਨੂੰ ਸਲਮਾਨ ਖਾਨ ਦੀ ਸੁਰੱਖਿਆ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਸੀਐਮ ਨੇ ਕਿਹਾ, ‘ਅਸੀਂ ਗੈਂਗਸਟਰਾਂ ਨੂੰ ਉਖਾੜ ਸੁੱਟਾਂਗੇ। ਉਨ੍ਹਾਂ ਨੂੰ ਪੂਰੀ ਤਰ੍ਹਾਂ ਮਿੱਟੀ ਨਾਲ ਮਿਲਾਇਆ ਜਾਵੇਗਾ। ਸਲਮਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।ਦੂਜੇ ਪਾਸੇ ਮੁੰਬਈ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਦੋ ਵਿਅਕਤੀਆਂ ਨੂੰ 25 ਅਪ੍ਰੈਲ ਤੱਕ ਪੁਲਸ ਹਿਰਾਸਤ ‘ਚ ਭੇਜ ਦਿੱਤਾ ਹੈ। ਐਤਵਾਰ ਸਵੇਰੇ ਬਾਂਦਰਾ ਇਲਾਕੇ ‘ਚ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਵਿੱਕੀ ਗੁਪਤਾ (24) ਅਤੇ ਸਾਗਰ ਪਾਲ (21) ਦੋਵੇਂ ਵਾਸੀ ਬਿਹਾਰ ਫਰਾਰ ਹੋ ਗਏ ਸਨ। ਪੁਲਿਸ ਨੇ ਦੱਸਿਆ ਕਿ ਦੋਵਾਂ ਨੂੰ ਸੋਮਵਾਰ ਦੇਰ ਰਾਤ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਮਾਤਾ ਨੋ ਮਧ ਪਿੰਡ ਤੋਂ ਫੜਿਆ ਗਿਆ। ਦੋਵਾਂ ਵਿਅਕਤੀਆਂ ਨੂੰ ਮੁੰਬਈ ਲਿਆਂਦਾ ਗਿਆ ਅਤੇ ਮੰਗਲਵਾਰ ਨੂੰ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਕੀਤਾ ਗਿਆ।

    ਸਲਮਾਨ ਦੇ ਘਰ ਦੇ ਬਾਹਰ 3 ਵਾਰ ਕੀਤੀ ਗਈ ਰੇਕੀ
    ਅਪਰਾਧ ਸ਼ਾਖਾ ਨੇ ਇਸ ਆਧਾਰ ‘ਤੇ ਦੋਵਾਂ ਵਿਅਕਤੀਆਂ ਦੀ 14 ਦਿਨਾਂ ਦੀ ਹਿਰਾਸਤ ਦੀ ਬੇਨਤੀ ਕੀਤੀ ਕਿ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਅਤੇ ਗੋਲੀਬਾਰੀ ਦੀ ਘਟਨਾ ਦੇ ਮਾਸਟਰਮਾਈਂਡ ਦੀ ਪਛਾਣ ਕਰਨ ਲਈ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰਨ ਦੀ ਜ਼ਰੂਰਤ ਹੈ। ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਨੌਂ ਦਿਨਾਂ (25 ਅਪਰੈਲ ਤੱਕ) ਲਈ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਤੋਂ ਪਹਿਲਾਂ ਦੋਵੇਂ ਦੋਸ਼ੀਆਂ ਨੇ ਇੱਥੇ ਬਾਂਦਰਾ ਇਲਾਕੇ ‘ਚ ਅਭਿਨੇਤਾ ਦੇ ਘਰ ਦੇ ਆਲੇ-ਦੁਆਲੇ ਤਿੰਨ ਵਾਰ ‘ਰੇਕੀ’ ਕੀਤੀ ਸੀ। ਐਤਵਾਰ ਸਵੇਰੇ 5 ਵਜੇ ਦੇ ਕਰੀਬ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਮੁੰਬਈ ਦੇ ਬਾਂਦਰਾ ਇਲਾਕੇ ‘ਚ ਗਲੈਕਸੀ ਅਪਾਰਟਮੈਂਟ ‘ਚ 58 ਸਾਲਾ ਖਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਅਤੇ ਫ਼ਰਾਰ ਹੋ ਗਏ।

    ਗੋਲੀਬਾਰੀ ਦਾ ਪੁਰਤਗਾਲ ਕਨੈਕਸ਼ਨ…
    ਦੂਜੇ ਪਾਸੇ ਸਲਮਾਨ ਦੀ ਰਿਹਾਇਸ਼ ਦੇ ਬਾਹਰ ਗੋਲੀਬਾਰੀ ਦੀ ਜ਼ਿੰਮੇਵਾਰੀ ਲੈਣ ਵਾਲੀ ਫੇਸਬੁੱਕ ਪੋਸਟ ਦਾ ਆਈਪੀ (ਇੰਟਰਨੈਟ ਪ੍ਰੋਟੋਕੋਲ) ਪਤਾ ਪੁਰਤਗਾਲ ਦਾ ਦੱਸਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਪਹਿਲੀ ਨਜ਼ਰੇ ਅਜਿਹਾ ਜਾਪਦਾ ਹੈ ਕਿ ਕੁਝ ਦਿਨ ਪਹਿਲਾਂ ਸ਼ੂਟਰਾਂ ਨੇ ਮੁੰਬਈ ਦੇ ਬਾਂਦਰਾ ਦੇ ਗਲੈਕਸੀ ਅਪਾਰਟਮੈਂਟ ਦੇ ਆਲੇ-ਦੁਆਲੇ ਰੇਕੀ ਕੀਤੀ ਸੀ, ਜਿੱਥੇ ਖਾਨ ਰਹਿੰਦਾ ਹੈ।ਪੁਲਿਸ ਨੂੰ ਸ਼ੱਕ ਹੈ ਕਿ ਐਤਵਾਰ ਨੂੰ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੁਆਰਾ ਫੇਸਬੁੱਕ ਪੋਸਟ ਨੂੰ ਅਪਲੋਡ ਕਰਨ ਲਈ ਇੱਕ VPN (ਵਰਚੁਅਲ ਪ੍ਰਾਈਵੇਟ ਨੈਟਵਰਕ) ਦੀ ਵਰਤੋਂ ਕੀਤੀ ਗਈ ਸੀ।