ਅੱਜ ਸਵੇਰੇ ਹੀ ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਵਾਲੇ ਪਾਰਟੀ ਦੇ ਬੁਲਾਰੇ ਗੌਰਵ ਵੱਲਭ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਵੱਲਭ ਤੋਂ ਇਲਾਵਾ ਕਾਂਗਰਸ ਦੀ ਬਿਹਾਰ ਇਕਾਈ ਦੇ ਸਾਬਕਾ ਪ੍ਰਧਾਨ ਅਨਿਲ ਸ਼ਰਮਾ ਨੇ ਵੀ ਪਾਰਟੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਦੀ ਮੌਜੂਦਗੀ ‘ਚ ਭਾਜਪਾ ਦੀ ਮੈਂਬਰਸ਼ਿਪ ਲਈ।
ਵੱਲਭ ਨੇ ਇਹ ਕਹਿੰਦੇ ਹੋਏ ਕਾਂਗਰਸ ਤੋਂ ਅਸਤੀਫਾ ਦੇ ਦਿਤਾ ਕਿ ਉਹ ਸਨਾਤਨ ਵਿਰੋਧੀ ਨਾਅਰੇ ਨਹੀਂ ਲਗਾ ਸਕਦੇ ਅਤੇ ‘ਦੌਲਤ ਸਿਰਜਣਹਾਰਾਂ’ (ਪੂੰਜੀ ਬਣਾਉਣ ਵਾਲੇ) ਨੂੰ ਗਾਲਾਂ ਨਹੀਂ ਕੱਢ ਸਕਦੇ। ਵੱਲਭ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਲਿਖਿਆ ਅਸਤੀਫਾ ਪੱਤਰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਜਿਸ ਦਿਸ਼ਾਹੀਣ ਤਰੀਕੇ ਨਾਲ ਅੱਗੇ ਵਧ ਰਹੀ ਹੈ, ਉਸ ਨੂੰ ਦੇਖ ਕੇ ਉਹ ਸਹਿਜ ਮਹਿਸੂਸ ਨਹੀਂ ਕਰ ਰਹੇ ਹਨ।
ਵੱਲਭ ਪਿਛਲੇ ਕਈ ਮਹੀਨਿਆਂ ਤੋਂ ਪਾਰਟੀ ਦੀ ਤਰਫੋਂ ਟੈਲੀਵਿਜ਼ਨ ਪ੍ਰੋਗਰਾਮਾਂ ਵਿਚ ਸ਼ਾਮਲ ਨਹੀਂ ਹੋਏ ਸਨ ਅਤੇ ਲੰਬੇ ਸਮੇਂ ਤੋਂ ਕੋਈ ਪ੍ਰੈੱਸ ਕਾਨਫਰੰਸ ਨਹੀਂ ਕੀਤੀ ਸੀ। ਅਪਣੇ ਅਸਤੀਫੇ ਦਾ ਐਲਾਨ ਕਰਦੇ ਹੋਏ ਇਕ ਸੋਸ਼ਲ ਮੀਡੀਆ ਪੋਸਟ ਵਿਚ, ਗੌਰਵ ਵੱਲਭ ਨੇ ਪਾਰਟੀ ਦੇ ਕੰਮਕਾਜ ਨੂੰ ਲੈ ਕੇ ਅਪਣੀ ਬੇਚੈਨੀ ਜ਼ਾਹਰ ਕੀਤੀ ਸੀ।
ਅਪਣੇ ਐਕਸ ਹੈਂਡਲ ਉਤੇ ਪੋਸਟ ਵਿਚ ਵੱਲਭ ਨੇ ਕਿਹਾ, “ਕਾਂਗਰਸ ਜਿਸ ਤਰ੍ਹਾਂ ਦਿਸ਼ਾਹੀਣ ਹੋ ਕੇ ਅੱਗੇ ਵਧ ਰਹੀ ਹੈ, ਉਸ ਵਿਚ ਮੈਂ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਪਾ ਰਿਹਾ। ਮੈਂ ਨਾ ਤਾਂ ਸਨਾਤਨ ਵਿਰੋਧੀ ਨਾਅਰੇ ਲਗਾ ਸਕਦਾ ਹਾਂ ਅਤੇ ਨਾਲ ਹੀ ਸਵੇਰੇ-ਸ਼ਾਮ ਦੇਸ਼ ਦੇ ਦੌਲਤ ਸਿਰਜਣਹਾਰਾਂ ਨੂੰ ਗਾਲਾਂ ਕੱਢ ਸਕਦਾ ਹਾਂ। ਇਸ ਲਈ ਮੈਂ ਕਾਂਗਰਸ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਿਹਾ ਹਾਂ”।