ਲੁਧਿਆਣਾ ‘ਚ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰਿਆ, ਜਦੋਂ ਪਨਬੱਸ ਦੀਆਂ ਅਚਾਨਕ ਬ੍ਰੇਕਾਂ ਫੇਲ੍ਹ ਹੋ ਗਈਆਂ। ਇਸ ਹਾਦਸੇ ਵਿਚ ਇਕ ਵਿਅਕਤੀ ਬੱਸ ਹੇਠਾਂ ਆ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਈ ਸਰਕਾਰੀ ਪਨਬੱਸ ਚੰਡੀਗੜ੍ਹ ਤੋਂ ਦੋਰਾਹਾ ਜਾ ਰਹੀ ਸੀ।

    ਜਾਣਕਾਰੀ ਦਿੰਦੇ ਹੋਏ ਬੱਸ ਦੇ ਡਰਾਈਵਰ ਨੇ ਦੱਸਿਆ ਕਿ ਅਚਾਨਕ ਬੱਸ ਦੀਆਂ ਬ੍ਰੇਕਾਂ ਫੇਲ੍ਹ ਹੋ ਗਈਆਂ ਅਤੇ ਉਸ ਨੇ ਤੁਰੰਤ ਰੌਲਾ ਪਾ ਦਿੱਤਾ ਕਿ ਸਾਈਡ ‘ਤੇ ਹੋ ਜਾਓ ਪਰ ਇਕ ਵਿਅਕਤੀ ਨੂੰ ਉਸ ਦਾ ਰੌਲਾ ਨਹੀਂ ਸੁਣ ਸਕਿਆ ਅਤੇ ਉਹ ਬੱਸ ਹੇਠਾਂ ਆ ਗਿਆ, ਜਿਸ ਨੂੰ ਇਸ ਸਮੇਂ ਡੀ. ਐੱਮ. ਸੀ. ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।ਹਾਦਸੇ ਤੋਂ ਬਾਅਦ ਲੋਕਾਂ ਨੇ ਕਾਫ਼ੀ ਹੰਗਾਮਾ ਕੀਤਾ ਪਰ ਡਰਾਈਵਰ ਦਾ ਕਹਿਣਾ ਸੀ ਇਸ ‘ਚ ਉਸ ਦੀ ਕੋਈ ਗ਼ਲਤੀ ਨਹੀਂ ਹੈ। ਡਰਾਈਵਰ ਨੇ ਕਿਹਾ ਕਿ ਉਸ ਨੇ ਰੌਲਾ ਪਾ ਲੋਕਾਂ ਨੂੰ ਬਹੁਤ ਅਪੀਲ ਕੀਤੀ ਕਿ ਪਿੱਛੇ ਹਟ ਜਾਓ ਪਰ ਕੁੱਝ ਲੋਕਾਂ ਨੂੰ ਉਸ ਦੀ ਆਵਾਜ਼ ਨਹੀਂ ਸੁਣਾਈ ਦਿੱਤੀ। ਫਿਲਹਾਲ ਮੌਕੇ ‘ਤੇ ਪੁੱਜੀ ਪੁਲਿਸ ਵਲੋਂ ਡਰਾਈਵਰ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ, ਜਦੋਂ ਕਿ ਕੰਡਕਟਰ ਮੌਕੇ ਤੋਂ ਫ਼ਰਾਰ ਹੋ ਗਿਆ।