ਪਿਛਲੇ ਕਾਫੀ ਲੰਮੇ ਸਮੇਂ ਤੋਂ Paytm ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। RBI ਵੱਲੋਂ Paytm Payments Bank ਦੀਆਂ ਸੇਵਾਵਾਂ ਬੰਦ ਕਰਨ ਤੋਂ ਬਾਅਦ ਕੰਪਨੀ ਦੇ ਸ਼ੇਅਰਾਂ ਵਿੱਚ ਵੀ ਵੱਡੀ ਗਿਰਾਵਟ ਆਈ। ਹਾਲਾਂਕਿ, Paytm ਦੇ ਸ਼ੇਅਰਾਂ ਨੇ ਰਿਕਵਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਕੰਪਨੀ ਦੇ ਫ਼ਿਲਮਾਂ ਅਤੇ ਸ਼ੋਅਜ਼ ਦੀਆਂ ਟਿਕਟਾਂ ਬੁੱਕ ਕਰਨ ਵਾਲੇ ਬਿਜ਼ਨੈੱਸ ਵਰਟਿਕਲ ਨੂੰ ਲੈ ਕੇ ਇੱਕ ਖ਼ਬਰ ਸਾਹਮਣੇ ਆਈ ਹੈ। Paytm ਨੇ ਆਪਣੇ ਫਿਲਮ ਟਿਕਟ ਕਾਰੋਬਾਰ ਨੂੰ Zomato ਨੂੰ 2,048 ਕਰੋੜ ਰੁਪਏ ਵਿੱਚ ਵੇਚਣ ਦਾ ਐਲਾਨ ਕੀਤਾ ਹੈ। ਫਿਲਮਾਂ ਤੋਂ ਇਲਾਵਾ ਮਨੋਰੰਜਨ ਟਿਕਟਾਂ ਦੇ ਕਾਰੋਬਾਰ ਵਿਚ ਖੇਡਾਂ ਅਤੇ ਸੰਗੀਤ ਸਮਾਗਮਾਂ ਦੀਆਂ ਟਿਕਟਾਂ ਵੀ ਸ਼ਾਮਲ ਹਨ। Paytm ਬ੍ਰਾਂਡ ਦਾ ਸੰਚਾਲਨ ਕਰਨ ਵਾਲੀ ਕੰਪਨੀ One97 Communications Limited (OCL) ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਆਪਣੀ ਜਾਣਕਾਰੀ ‘ਚ ਕਿਹਾ ਕਿ ਜ਼ੋਮੈਟੋ (Zomato) ਨੂੰ ਇਸ ਕਾਰੋਬਾਰ ਦੀ ਵਿਕਰੀ ਦੇ ਬਾਵਜੂਦ ਅਗਲੇ 12 ਮਹੀਨਿਆਂ ‘ਚ ਇਹ ਟਿਕਟਾਂ ਸਿਰਫ Paytm ਦੇ ਐਪ ‘ਤੇ ਹੀ ਬੁੱਕ ਕੀਤੀਆਂ ਜਾਣਗੀਆਂ।ਇਸ ਸਬੰਧ ‘ਚ ਜ਼ੋਮੈਟੋ ਨਾਲ ਸਮਝੌਤਾ ਕਰਨ ਦੀ ਜਾਣਕਾਰੀ ਦਿੰਦੇ ਹੋਏ OCL ਨੇ ਕਿਹਾ ਕਿ ਇਸ ਡੀਲ ਦੀ ਕੀਮਤ 2,048 ਕਰੋੜ ਰੁਪਏ ਹੋਵੇਗੀ। ਇਸ ਡੀਲ ਤੋਂ ਬਾਅਦ ਜ਼ੋਮੈਟੋ ਦੇ ਕਾਰੋਬਾਰ ਦਾ ਦਾਇਰਾ ਵਧ ਜਾਵੇਗਾ। ਹੁਣ ਤੱਕ ਜ਼ੋਮੈਟੋ ਭੋਜਨ ਉਤਪਾਦਾਂ ਦੀ ਸਪਲਾਈ ਨਾਲ ਸਬੰਧਤ ਇੱਕ ਔਨਲਾਈਨ ਪਲੇਟਫਾਰਮ ਚਲਾਉਂਦੀ ਹੈ। ਪਰ, ਹੁਣ ਉਸ ਨੂੰ ਸ਼ੋਅ ਦੀਆਂ ਟਿਕਟਾਂ ਬੁੱਕ ਕਰਨ ਦਾ ਕਾਰੋਬਾਰ ਵੀ ਮਿਲੇਗਾ।
ਪੇਟੀਐਮ ਕਰਮਚਾਰੀਆਂ ਦਾ ਕੀ ਹੋਵੇਗਾ?
ਪੇਟੀਐਮ ਅਤੇ ਜ਼ੋਮੈਟੋ ਵਿਚਕਾਰ ਇਸ ਸੌਦੇ ਦੇ ਤਹਿਤ, ਪੇਟੀਐਮ ਦੇ ਮਨੋਰੰਜਨ ਟਿਕਟਿੰਗ ਵਿਭਾਗ ਦੇ ਲਗਭਗ 280 ਕਰਮਚਾਰੀ ਵੀ ਜ਼ੋਮੈਟੋ ਵਿੱਚ ਚਲੇ ਜਾਣਗੇ। ਇਸ ਦੇ ਨਾਲ ਹੀ, ਇਸ ਸੌਦੇ ਤੋਂ ਬਾਅਦ, ਜ਼ੋਮੈਟੋ ਦੇ ਸਹਿ-ਸੰਸਥਾਪਕ ਅਤੇ ਸੀਈਓ ਦੀਪਇੰਦਰ ਗੋਇਲ ਨੇ ਕਿਹਾ ਕਿ ਕੰਪਨੀ ਐਕਵਾਇਰ ਕਰਨ ਤੋਂ ਬਾਅਦ ਗਾਹਕਾਂ ਨੂੰ ਨਵੀਆਂ ਸਹੂਲਤਾਂ (ਫਿਲਮ ਅਤੇ ਖੇਡਾਂ ਦੀਆਂ ਟਿਕਟਾਂ) ਦੀ ਪੇਸ਼ਕਸ਼ ਕਰਨ ਅਤੇ ਕਾਰੋਬਾਰ ਨੂੰ ਵਧਾਉਣ ਵਿੱਚ ਮਦਦ ਮਿਲੇਗੀ।ਦੀਪਇੰਦਰ ਗੋਇਲ ਨੇ ਸ਼ੇਅਰਧਾਰਕਾਂ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਸਾਡਾ ਮੰਨਣਾ ਹੈ ਕਿ ਅਗਲੇ ਦਹਾਕੇ ਅਤੇ ਉਸ ਤੋਂ ਬਾਅਦ ਖਪਤ ਵਿੱਚ ਵਾਧਾ ਮਜ਼ਬੂਤ ਰਹੇਗਾ। ਇਹ (ਐਕਵਾਇਰ) ਸਾਨੂੰ ਸਾਡੇ ਗਾਹਕਾਂ ਨੂੰ ਨਵੀਂ ਸਹੂਲਤ ਪ੍ਰਦਾਨ ਕਰਨ ਦਾ ਮੌਕਾ ਦੇਵੇਗਾ, ਜੋ ਕੰਪਨੀ ਦੇ ਕਾਰੋਬਾਰ ਲਈ ਇੱਕ ਗੇਮ ਚੇਂਜਰ ਸਾਬਤ ਹੋ ਸਕਦਾ ਹੈ।