ਐਚਐਸਆਰ ਲੇਆਉਟ, ਬੈਂਗਲੁਰੂ ਵਿੱਚ ਇੱਕ ਲੜਕੀ ਦੀ ਅਣਜਾਣੇ ਵਿੱਚ ਉਸ ਦੇ ਪਿਤਾ ਦੀ ਕਾਰ ਵੱਲੋਂ ਕੁਚਲਣ ਤੋਂ ਬਾਅਦ ਮੌਤ ਹੋ ਗਈ। ਇਹ ਦਰਦਨਾਕ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਪੂਰੀ ਘਟਨਾ ਦੌਰਾਨ ਪਿਤਾ ਨੂੰ ਇਹ ਅਹਿਸਾਸ ਨਹੀਂ ਹੋਇਆ ਕਿ ਉਸ ਦੀ ਧੀ ਉਸ ਦੀ ਕਾਰ ਦੇ ਹੇਠਾਂ ਦੱਬੀ ਹੋਈ
ਹੈ ਅਤੇ ਉਸ ਨੇ ਆਰਾਮ ਨਾਲ ਕਾਰ ਨੂੰ ਅੱਗੇ ਵਧਾਇਆ।ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਸੋਮਵਾਰ ਨੂੰ ਇੱਕ ਵਿਆਹ ਸਮਾਗਮ ਤੋਂ ਘਰ ਪਰਤਿਆ ਸੀ। ਸਾਰੇ ਜਣੇ ਕਾਰ ਤੋਂ ਉਤਰ ਕੇ ਘਰ ਦੇ ਅੰਦਰ ਚਲੇ ਗਏ। ਪਿਤਾ ਨੇ ਕਾਰ ਵਿੱਚੋਂ ਸਾਰਾ ਸਮਾਨ ਉਤਾਰ ਕੇ ਅੰਦਰ ਰੱਖ ਲਿਆ ਅਤੇ ਫਿਰ ਬਾਹਰ ਆ ਕੇ ਕਾਰ ਵਿੱਚ ਬੈਠ ਗਿਆ। ਕਿਉਂਕਿ ਉਸਨੂੰ ਕਾਰ ਖੜੀ ਕਰਨੀ ਸੀ। ਇਸ ਦੌਰਾਨ ਛੋਟੀ ਬੱਚੀ ਵੀ ਬਾਹਰ ਆ ਗਈ ਸੀ ਅਤੇ ਕਾਰ ਕੋਲ ਖੜ੍ਹੀ ਸੀ। ਪਿਤਾ ਨੂੰ ਇਸ ਬਾਰੇ ਪਤਾ ਨਹੀਂ ਲੱਗ ਸਕਿਆ।
ਪਿਤਾ ਨੂੰ ਨਹੀਂ ਦਿਖੀ ਕਾਰ ਨੇੜੇ ਖੜੀ ਬੱਚੀ
ਸੀਸੀਟੀਵੀ ਫੁਟੇਜ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪਿਤਾ ਸਮਾਨ ਰੱਖ ਕੇ ਘਰੋਂ ਬਾਹਰ ਨਿਕਲਿਆ ਅਤੇ ਜਿਵੇਂ ਹੀ ਉਹ ਕਾਰ ਵਿੱਚ ਬੈਠਿਆ ਤਾਂ ਉਸਦੀ ਧੀ ਵੀ ਬਾਹਰ ਆ ਗਈ। ਇਸ ਕਾਰਨ ਉਹ ਉਸ ਨੂੰ ਦੇਖ ਨਹੀਂ ਸਕਿਆ। ਛੋਟੀ ਬੱਚੀ ਹੋਣ ਕਾਰਨ ਉਸ ਨੂੰ ਕਾਰ ਦੀ ਖਿੜਕੀ ਤੋਂ ਵੀ ਨਹੀਂ ਦੇਖਿਆ ਜਾ ਸਕਦਾ ਸੀ।
ਕਾਰ ਦੇ ਪਹੀਏ ਹੇਠ ਆ ਗਈ ਬੱਚੀ
ਜਿਵੇਂ ਹੀ ਵਿਅਕਤੀ ਨੇ ਕਾਰ ਨੂੰ ਅੱਗੇ ਵਧਾਇਆ ਤਾਂ ਝਟਕੇ ਕਾਰਨ ਲੜਕੀ ਡਿੱਗ ਪਈ ਅਤੇ ਕਾਰ ਉਸ ਦੇ ਉਪਰੋਂ ਲੰਘ ਗਈ। ਜਦੋਂ ਲੜਕੀ ਕਾਰ ਦੇ ਪਹੀਏ ਹੇਠ ਆ ਗਈ ਤਾਂ ਕਾਰ ਕੁਝ ਸਕਿੰਟਾਂ ਲਈ ਰੁਕੀ, ਫਿਰ ਪਿਤਾ ਕਾਰ ਨੂੰ ਅੱਗੇ ਵਧਾਉਂਦੇ ਹੋਏ ਅੱਗੇ ਚਲਾ ਗਿਆ ਅਤੇ ਲੜਕੀ ਉਥੇ ਹੀ ਪਈ ਰਹੀ।