ਲੁਧਿਆਣਾ : ਥਾਣਾ ਸਾਨੇਵਾਲ ਦੇ ਇਲਾਕੇ ਅਧੀਨ ਪੈਂਦੇ ਸਤਿਗੁਰੂ ਨਗਰ ਵਿੱਚ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਚਾਰ ਬਦਮਾਸ਼ਾਂ ਨੇ ਰਾਹਗੀਰ ਨੂੰ ਘੇਰ ਕੇ ਉਸਦੇ ਪੁੱਠਾ ਦਾਤ ਮਾਰਿਆ ਅਤੇ ਉਸ ਕੋਲੋਂ 15000 ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਲੁੱਟ ਲਿਆ l ਇਸ ਮਾਮਲੇ ਵਿੱਚ ਥਾਣਾ ਸਾਨੇਵਾਲ ਦੀ ਪੁਲਿਸ ਨੇ ਸਤਿਗੁਰੂ ਨਗਰ ਦੇ ਰਹਿਣ ਵਾਲੇ ਸੁਨੀਲ ਗੁਪਤਾ ਦੀ ਸ਼ਿਕਾਇਤ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸੁਨੀਲ ਨੇ ਦੱਸਿਆ ਕਿ ਬੀਤੀ ਦੁਪਹਿਰ 2 :30 ਵਜੇ ਦੇ ਕਰੀਬ ਉਹ ਸਤਿਗੁਰੂ ਨਗਰ ਦੇ ਮੋੜ ਤੋਂ ਲੰਘ ਰਿਹਾ ਸੀ l ਇਸੇ ਦੌਰਾਨ ਚਾਰੇ ਨੌਜਵਾਨਾਂ ਨੇ ਉਸਨੂੰ ਘੇਰ ਲਿਆ ਅਤੇ ਉਸ ਦੇ ਮੋਢੇ ਉੱਪਰ ਪੁੱਠੇ ਦਾਤ ਨਾਲ ਵਾਰ ਕੀਤਾ l ਬਦਮਾਸ਼ਾਂ ਨੇ ਸੁਨੀਲ ਨੂੰ ਧਮਕੀਆਂ ਦਿੱਤੀਆਂ l ਮੁਲਜਮਾਂ ਨੇ ਉਸ ਕੋਲੋਂ 15 ਹਜਾਰ ਰੁਪਏ ਦੀ ਰਕਮ ਅਤੇ ਵੀਵੋ ਕੰਪਨੀ ਦਾ ਮੋਬਾਇਲ ਫੋਨ ਲੁੱਟ ਲਿਆ l ਇਸ ਤੋਂ ਪਹਿਲੋਂ ਕਿ ਸੁਨੀਲ ਰੌਲਾ ਪਾਉਂਦਾ ਮੁਲਜਮ ਮੌਕੇ ਤੋਂ ਫਰਾਰ ਹੋ ਗਏ l ਉਧਰੋਂ ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੇ ਏਐਸਆਈ ਰਘਵੀਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਵਿੱਚ ਜੁਟ ਗਈ l ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।