ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਘੱਟ ਗਿਣਤੀ ਸੈਲ ਨੇ ਸਿੱਖਿਆ ਮੰਤਰੀ ਨੂੰ ਦਿੱਲੀ ਤੇ ਇਗਨਊ ਯੂਨੀਵਰਸਿਟੀਆਂ ਵਿਚ ਪੰਜਾਬੀ ਦਾ ਨਵਾਂ ਡਿਸਟੈਂਸ ਲਰਨਿੰਗ ਕੋਰਸ ਡਿਪਲੋਮਾ, ਬੈਚਲਰ ਤੇ ਮਾਸਟਰਜ਼ ਪੱਧਰ ’ਤੇ ਸ਼ੁਰੂ ਕੀਤਾ ਜਾਵੇ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਘੱਟ ਗਿਣਤੀ ਸੈਲ ਦੇ ਚੇਅਰਮੈਨ ਸਰਦਾਰ ਜਸਵਿੰਦਰ ਸਿੰਘ ਜੌਲੀ ਨੇ ਕੇਂਦਰੀ ਸਿੱਖਿਆ ਮੰਤਰੀ ਸ੍ਰੀ ਧਰਮਿੰਦਰ ਪ੍ਰਧਾਨ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਅਤੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਯੂਨੀਵਰਸਿਟੀਆਂ ਵਿਚ ਪੰਜਾਬੀ ਦਾ ਨਵਾਂ ਡਿਸਟੈਂਸ ਲਰਨਿੰਗ ਕੋਰਸ ਡਿਪਲੋਮਾ, ਬੈਚਲਰ ਤੇ ਮਾਸਟਰਜ਼ ਪੱਧਰ ’ਤੇ ਸ਼ੁਰੂ ਕੀਤਾ ਜਾਵੇ।
ਸਿੱਖਿਆ ਮੰਤਰੀ ਦੇ ਨਾਲ-ਨਾਲ ਦਿੱਲੀ ਤੇ ਇਗਨਊ ਦੋਵੇਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੂੰ ਲਿਖੇ ਪੱਤਰ ਵਿਚ ਸਰਦਾਰ ਜਸਵਿੰਦਰ ਸਿੰਘ ਜੌਲੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਦਾ ਇਹ ਕੋਰਸ ਸ਼ੁਰੂ ਕਰਨ ਨਾਲ ਵਿਦਿਆਰਥੀਆਂ ਤੇ ਯੂਨੀਵਰਸਿਟੀਆਂ ਨੂੰ ਵੀ ਚੋਖਾ ਲਾਭ ਮਿਲੇਗਾ ਕਿਉਂਕਿ ਪੰਜਾਬੀ ਬਹੁਤ ਵੱਡੀ ਪੱਧਰ ’ਤੇ ਬੋਲੀ ਜਾਂਦੀ ਹੈ ਤੇ ਪੰਜਾਬ ਖਿੱਤੇ ਦੀ ਸਭਿਆਚਾਰਕ ਵਿਰਾਸਤ ਦਾ ਹਿੱਸਾ ਹੈ ਜਿਸਦੀ ਅੱਜ ਦੇ ਬਹੁ ਭਾਂਤੀ ਤੇ ਵਿਸ਼ਵੀਕ੍ਰਿਤ ਯੁੱਗ ਵਿਚ ਬਹੁਤ ਅਹਿਮੀਅਤ ਹੈ।ਉਹਨਾਂ ਕਿਹਾ ਕਿ ਇਗਨਊ ਅਤੇ ਦਿੱਲੀ ਯੂਨੀਵਰਸਿਟੀ ਦੇ ਅਕਾਦਮਿਕ ਪ੍ਰੋਗਰਾਮ ਵਿਚ ਪੰਜਾਬੀ ਭਾਸ਼ਾ ਦਾ ਕੋਰਸ ਸ਼ਾਮਲ ਕਰਨ ਨਾਲ ਅਸੀਂ ਨਾ ਸਿਰਫ ਅਮੀਰ ਭਾਸ਼ਾ ਦੀ ਰਾਖੀ ਵਾਸਤੇ ਯੋਗਦਾਨ ਪਾ ਸਕਾਂਗੇ ਬਲਕਿ ਅਸੀਂ ਪੰਜਾਬੀ ਬੋਲਦੇ ਭਾਈਚਾਰਿਆਂ ਨਾਲ ਗੱਲਬਾਤ ਦਾ ਜ਼ਰੀਆ ਬਣਾ ਕੇ ਆਪਣੇ ਵਿਦਿਆਰਥੀਆਂ ਦੀ ਜਾਣਕਾਰੀ ਅਤੇ ਮੁਹਾਰਤ ਵਿਚ ਵਾਧਾ ਕਰ ਸਕਾਂਗੇ ਅਤੇ ਪ੍ਰੋਫੈਸ਼ਨਲ ਮੌਕੇ ਵੀ ਤਲਾਸ਼ ਸ਼ਕਾਂਗੇ।
ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਕੋਰਸ ਸ਼ੁਰੂ ਕਰਨ ਨਾਲ ਵਿਦਿਆਰਥੀ ਪੰਜਾਬੀ ਬੋਲਣ ਵਾਲੇ ਲੋਕਾਂ ਦੇ ਅਮੀਰ ਵਿਰਸੇ, ਸਾਹਿਤ, ਇਤਿਹਾਸ ਤੇ ਰਵਾਇਤਾਂ ਤੋਂ ਜਾਣੂ ਹੋ ਸਕਣਗੇ। ਇਸ ਨਾਲ ਸਭਿਆਚਾਰਕ ਵਿਭਿੰਨਤਾ ਨੂੰ ਉਤਸ਼ਾਹ ਮਿਲੇਗਾ ਤੇ ਆਪਸੀ ਭਾਸ਼ਾਈ ਸਾਂਝ ਹੋਰ ਗੂੜ੍ਹੀ ਹੋਵੇਗੀ। ਉਹਨਾਂ ਜ਼ੋਰ ਦੇ ਕੇ ਆਖਿਆ ਕਿ ਦੁਨੀਆਂ ਭਰ ਵਿਚ 15 ਕਰੋੜ ਲੋਕ ਪੰਜਾਬੀ ਬੋਲਦੇ ਹਨ ਤੇ ਇਸ ਭਾਸ਼ਾ ਵਿਚ ਮੁਹਾਰਤ ਹਾਸਲ ਕਰਨ ਨਾਲ ਵੱਖ-ਵੱਖ ਕੈਰੀਅਰ ਦੇ ਰਾਹ ਖੁੱਲ੍ਹਣਗੇ। ਉਹਨਾਂ ਕਿਹਾ ਕਿ ਸੈਰ ਸਪਾਟਾ, ਪ੍ਰਾਹੁਣਾਚਾਰੀ, ਮੀਡੀਆ, ਅਨੁਵਾਦ ਤੇ ਕੌਮਾਂਤਰੀ ਸੰਬੰਧ ਦੇ ਖੇਤਰ ਬਹੁ ਭਾਂਤੀ ਮੁਹਾਰਤ ਰੱਖਣ ਵਾਲਿਆਂ ਲਈ ਬਹੁਤ ਸਾਰੇ ਮੌਕੇ ਪ੍ਰਦਾਨ ਕਰਦੇ ਹਨ। ਪੰਜਾਬੀ ਭਾਸ਼ਾ ਦਾ ਕੋਰਸ ਸ਼ੁਰੂ ਕਰਨ ਨਾਲ ਇਸ ਮੰਗ ਨੂੰ ਪੂਰਾ ਕੀਤਾ ਜਾ ਸਕੇਗਾ।
ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਦਾ ਕੋਰਸ ਸ਼ੁਰੂ ਕਰਨ ਨਾਲ ਭਾਸ਼ਾਈ ਸਾਹਿਤ, ਸਭਿਆਚਾਰਕ ਅਧਿਐਨ ਤੇ ਇਤਿਹਾਸ ਵਰਗੇ ਖੇਤਰਾਂ ਵਿਚ ਖੋਜ ਤੇ ਅਕਾਦਮਿਕ ਅਧਿਐਨ ਕਰਨ ਵਾਲਿਆਂ ਨੂੰ ਉਤਸ਼ਾਹ ਮਿਲੇਗਾ। ਇਸ ਨਾਲ ਵਿਦਵਾਨਾਂ ਤੇ ਮਾਹਿਰਾਂ ਨੂੰ ਆਕਰਸ਼ਤ ਕੀਤਾ ਜਾ ਸਕੇਗਾ ਤੇ ਬੁੱਧੀਜੀਵੀ ਜਗਤ ਦਾ ਵਿਕਾਸ ਹੋਵੇਗਾ ਤੇ ਯੂਨੀਵਰਸਿਟੀ ਪੰਜਾਬੀ ਭਾਸ਼ਾ ਅਧਿਐਨ ਲਈ ਸੈਂਟਰ ਆਫ ਐਕਸੀਲੈਂਸ ਬਣ ਸਕਣਗੀਆਂ।
ਉਹਨਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਭਾਸ਼ਾ ਪ੍ਰੋਗਰਾਮ ਯੂਨੀਵਰਸਿਟੀ ਦੇ ਅਕਾਦਮਿਕ ਪ੍ਰੋਗਰਾਮ ਤੇ ਇਸਦੀ ਛਵੀ ਵਿਚ ਹੋਰ ਵਾਧਾ ਕਰੇਗਾ।
ਉਹਨਾਂ ਨੇ ਇਹਨਾਂ ਕੋਰਸਾਂ ਦੇ ਵਿਕਾਸ ਤੇ ਇਹਨਾਂ ਨੂੰ ਲਾਗੂ ਕਰਨ ਵਾਸਤੇ ਹਰ ਤਰੀਕੇ ਦੇ ਸਹਿਯੋਗ ਦੀ ਪੇਸ਼ਕਸ਼ ਕਰਦਿਆਂ ਦੱਸਿਆ ਕਿ ਸਾਡੇ ਕੋਲ ਪੰਜਾਬੀ ਭਾਸ਼ਾ ਵਿਚ ਮੁਹਾਰਤ ਰੱਖਣ ਵਾਸਤੇ ਇਸਟ੍ਰਕਟਰਾਂ ਦਾ ਪੂਰਾ ਨੈਟਵਰਕ ਹੈ ਜੋ ਇਸ ਕੰਮ ਵਿਚ ਸਾਂਝ ਪਾ ਕੇ ਆਪਣੇ ਤਜ਼ਰਬੇ ਸਾਂਝੇ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਆਪ ਵੀ ਸੂਚਨਾ ਸੈਸ਼ਨਾਂ, ਸਭਿਆਚਾਰਕ ਪ੍ਰੋਗਰਾਮਾਂ ਤੇ ਹੋਰ ਪ੍ਰੋਮੋਸ਼ਨਲ ਪ੍ਰੋਗਰਾਮਾਂ ’ਤੇ ਜਾਗਰੂਕਤਾ ਤੇ ਵਿਦਿਆਰਥੀਆਂ ਵਿਚ ਦਿਲਚਸਪੀ ਪੈਦਾ ਕਰਨ ਵਿਚ ਮਦਦ ਕਰ ਸਕਦੇ ਹਨ।