ਦੇਸ਼ ਦੇ ਕਈ ਰਾਜਾਂ ਵਿਚ ਮਾਨਸੂਨ ਦੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ਇਸ ਦੌਰਾਨ ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ ਸੱਤ ਦਿਨਾਂ ਵਿੱਚ ਰਾਜਸਥਾਨ, ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ਸਮੇਤ ਭਾਰਤ ਦੇ ਕਈ ਰਾਜਾਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ।

    ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਦੇ ਕਈ ਇਲਾਕਿਆਂ ‘ਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਆਈਐਮਡੀ ਨੇ ਆਂਧਰਾ ਪ੍ਰਦੇਸ਼ ਦੇ ਤੱਟੀ ਖੇਤਰਾਂ ਵਿੱਚ ਭਾਰੀ ਮੀਂਹ ਅਤੇ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਤੇਲੰਗਾਨਾ, ਉੜੀਸਾ ਅਤੇ ਛੱਤੀਸਗੜ੍ਹ ਦੇ ਆਸ-ਪਾਸ ਦੇ ਇਲਾਕਿਆਂ ਵਿਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।ਆਈਐਮਡੀ ਨੇ ਰਾਜਸਥਾਨ ਦੇ ਅਜਮੇਰ ਸ਼ਹਿਰ ਵਿਚ ਭਾਰੀ ਮੀਂਹ ਕਾਰਨ ਰਾਜ ਦੇ ਪੂਰਬੀ ਹਿੱਸਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਵਰਤਮਾਨ ਵਿੱਚ ਇੱਕ ਸਰਕੂਲੇਸ਼ਨ ਸਿਸਟਮ ਉੱਤਰ-ਪੂਰਬੀ ਰਾਜਸਥਾਨ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ, ਜਿਸ ਕਾਰਨ ਅਗਲੇ ਤਿੰਨ ਤੋਂ ਚਾਰ ਦਿਨਾਂ ਤੱਕ ਪੂਰਬੀ ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮਾਨਸੂਨ ਦੇ ਸਰਗਰਮ ਰਹਿਣ ਦੀ ਸੰਭਾਵਨਾ ਹੈ।

    ਬੰਗਾਲ ਦੀ ਖਾੜੀ ਤੋਂ ਤੂਫਾਨ ਦੀ ਆਹਟ
    ਬੰਗਾਲ ਦੀ ਖਾੜੀ ਉਤੇ ਬਣੇ ‘ਦਬਾਅ’ ਕਾਰਨ ਸੋਮਵਾਰ ਤੋਂ ਦੱਖਣੀ ਬੰਗਾਲ ‘ਚ ਭਾਰੀ ਮੀਂਹ ਦੀ ਸੰਭਾਵਨਾ ਹੈ। ਆਈਐਮਡੀ ਦੇ ਅਨੁਸਾਰ ਅਗਲੇ 24 ਘੰਟਿਆਂ ਵਿੱਚ ਇਹ ਦਬਾਅ ਉੱਤਰ-ਪੱਛਮੀ ਦਿਸ਼ਾ ਵਿੱਚ ਓਡੀਸ਼ਾ-ਪੱਛਮੀ ਬੰਗਾਲ ਦੇ ਤੱਟਾਂ ਵੱਲ ਵਧੇਗਾ ਅਤੇ ਡੂੰਘੇ ਦਬਾਅ ਵਿੱਚ ਬਦਲ ਜਾਵੇਗਾ।ਪੂਰਬੀ ਅਤੇ ਪੱਛਮੀ ਮਿਦਨਾਪੁਰ, ਉੱਤਰੀ ਅਤੇ ਦੱਖਣੀ 24 ਪਰਗਨਾ ਅਤੇ ਝਾਰਗ੍ਰਾਮ ਜ਼ਿਲ੍ਹਿਆਂ ਵਿੱਚ 9-10 ਸਤੰਬਰ ਦਰਮਿਆਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਜਦੋਂ ਕਿ ਦੱਖਣੀ ਬੰਗਾਲ ਦੇ ਹੋਰ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

    ਦਿੱਲੀ ‘ਚ ਭਾਰੀ ਬਾਰਿਸ਼ ਹੋਵੇਗੀ
    ਦੇਸ਼ ਦੀ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਇੱਥੇ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਅਗਲੇ ਹਫ਼ਤੇ ਵੀ ਮੀਂਹ ਜਾਰੀ ਰਹੇਗਾ। ਅਗਲੇ ਚਾਰ ਦਿਨਾਂ ਤੱਕ ਭਾਰੀ ਬਾਰਿਸ਼ ਹੋ ਸਕਦੀ ਹੈ। ਦੱਸ ਦਈਏ ਕਿ ਐਤਵਾਰ ਨੂੰ ਸਵੇਰ ਤੋਂ ਹੀ ਬੱਦਲ ਛਾਏ ਰਹੇ, ਦਿਨ ਭਰ ਬੱਦਲਾਂ ਦੀ ਇਹ ਹਲਚਲ ਜਾਰੀ ਰਹੀ। ਕਈ ਥਾਵਾਂ ‘ਤੇ ਮੀਂਹ ਵੀ ਪਿਆ।