Skip to content
ਫਰੀਦਕੋਟ (ਵਿਪਨ ਮਿਤੱਲ):- ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ (GGSMCH) ਦੇ ਮੈਡੀਸਨ 2 ਵਾਰਡ ‘ਚ ਸ਼ੁੱਕਰਵਾਰ ਦੁਪਹਿਰ ਅੱਗ ਲੱਗਣ ਕਾਰਨ ਹਫੜਾ-ਦਫੜੀ ਮੱਚ ਗਈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਵੱਲੋਂ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤੇ ਅੱਗ ‘ਤੇ ਕਾਬੂ ਪਾਇਆ ਗਿਆ। ਹਾਲਾਂਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ ਪਰ ਅਸਲ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਦੁਪਹਿਰ ਨੂੰ ਜੀਜੀਐਸਐਮਸੀਐਚ ਦੇ ਮੈਡੀਸਨ 2 ਵਾਰਡ ‘ਚ ਅਚਾਨਕ ਅੱਗ ਲੱਗ ਗਈ ਤੇ ਚਾਰੇ ਪਾਸੇ ਧੂੰਆਂ ਫੈਲ ਗਿਆ। ਜਿਸ ਕਾਰਨ ਮਰੀਜ਼ਾਂ ‘ਚ ਦਹਿਸ਼ਤ ਫੈਲ ਗਈ ਤੇ ਉਨ੍ਹਾਂ ਦੀ ਹਾਲਤ ਵਿਗੜਨ ਲੱਗੀ ਜਦੋਂਕਿ ਧੂੰਆਂ ਵਾਰਡ ਦੇ ਬਾਹਰ ਤੇ ਹਸਪਤਾਲ ‘ਚ ਫੈਲ ਗਿਆ। ਘਟਨਾ ਦਾ ਪਤਾ ਲੱਗਦੇ ਹੀ ਹਸਪਤਾਲ ਪ੍ਰਬੰਧਨ ਹਰਕਤ ‘ਚ ਆਇਆ ਤੇ ਤੁਰੰਤ ਸਾਰੇ ਮਰੀਜ਼ਾਂ ਨੂੰ ਵਾਰਡ ‘ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਦੂਜੇ ਪਾਸੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ ਤੇ ਅੱਗ ‘ਤੇ ਕਾਬੂ ਪਾਇਆ ਗਿਆ।ਵਰਨਣਯੋਗ ਹੈ ਕਿ ਹਰ ਰੋਜ਼ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ‘ਚ ਮਰੀਜ਼ ਦਵਾਈ ਲੈਣ ਲਈ ਜੀਜੀਐਸਐਮਸੀਐਚ ਵਿਖੇ ਆਉਂਦੇ ਹਨ ਤੇ ਵੱਡੀ ਗਿਣਤੀ ‘ਚ ਮਰੀਜ਼ ਤੇ ਉਨ੍ਹਾਂ ਦੇ ਰਿਸ਼ਤੇਦਾਰ ਉੱਥੇ ਮੌਜੂਦ ਹੁੰਦੇ ਹਨ। ਅਜਿਹੇ ‘ਚ ਅੱਗ ਲੱਗਣ ਕਾਰਨ ਹਫੜਾ-ਦਫੜੀ ਮਚਣੀ ਸੰਭਾਵ ਹੈ। ਹਾਲਾਂਕਿ ਪ੍ਰਬੰਧਕਾਂ ਦੀ ਚੌਕਸੀ ਕਾਰਨ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ।ਇਸ ਸਬੰਧੀ ਜੀਜੀਐਸਐਮਸੀਐਚ ਦੀ ਮੈਡੀਕਲ ਸੁਪਰਡੈਂਟ ਡਾ. ਨੀਤੂ ਕੁੱਕੜ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ। ਫਿਲਹਾਲ ਉਨ੍ਹਾਂ ਦੀ ਤਰਜੀਹ ਮਰੀਜ਼ ਹਨ ਤੇ ਉਨ੍ਹਾਂ ਨੂੰ ਸੁਰੱਖਿਅਤ ਕੀਤਾ ਜਾ ਰਿਹਾ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਬਾਅਦ ਵਿੱਚ ਕੀਤੀ ਜਾਵੇਗੀ।
Post Views: 2,172
Related