ਪੰਜਾਬ ਵਿਚ ਅੱਜ ਕੱਲ੍ਹ ਕੜਾਕੇਦਾਰ ਠੰਢ ਪੈ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਤਕ ਕਿ ਇਹ ਠੰਢ ਲੋਕਾਂ ਦੀ ਜਾਨ ਦੀ ਦੁਸ਼ਮਣ ਬਣੀ ਹੋਈ ਹੈ। ਇਸੇ ਠੰਢ ਦਾ ਕਹਿਰ ਬੀਤੇ ਦਿਨ ਪਟਿਆਲਾ ਵਿਚ ਦੇਖਣ ਨੂੰ ਮਿਲਿਆ ਜਿਥੇ ਤਿੰਨ ਵਿਅਕਤੀਆਂ ਦੀ ਜਾਨ ਚਲੀ ਗਈ। ਮਿਲੀ ਜਾਣਕਾਰੀ ਮੁਤਾਬਕ ਠੰਢ ਕਾਰਨ ਪਟਿਆਲਾ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ।
ਪਟਿਆਲਾ ਸਥਿਤ ਗੁਰਦੁਆਰਾ ਦੂਖਨਿਵਾਰਨ ਸਾਹਿਬ ਨੇੜੇ ਸਥਿਤ ਖੰਡਾ ਚੌਕ ’ਚੋਂ 50 ਸਾਲਾ ਵਿਅਕਤੀ ਦੀ ਲਾਸ਼ ਮਿਲੀ ਹੈ। ਇਸੇ ਤਰ੍ਹਾਂ ਦੂਜੀ ਮੌਤ ਥਾਣਾ ਪਸਿਆਣਾ ਅਧੀਨ ਪੈਂਦੇ ਪਿੰਡ ਢਕੜੱਬਾ ਵਿਚ, ਜਦਕਿ ਤੀਜੀ ਮੌਤ ਪਟਿਆਲਾ ਜੇਲ੍ਹ ਦੇ ਵਿਚਾਰ ਅਧੀਨ ਕੈਦੀ ਦੀ ਹਸਪਤਾਲ ਵਿਚ ਇਲਾਜ ਦੌਰਾਨ ਹੋਈ ਹੈ।
ਜਾਣਕਾਰੀ ਅਨੁਸਾਰ 31 ਦਸੰਬਰ ਦੀ ਰਾਤ ਨੂੰ ਠੰਢ ਕਾਰਨ ਬਿਮਾਰ ਹੋਣ ਮਗਰੋਂ ਪਟਿਆਲਾ ਜੇਲ ਦੇ ਵਿਚਾਰ ਅਧੀਨ ਕੈਦੀ ਗੁਰਮੀਤ ਸਿੰਘ (65) ਵਾਸੀ ਮੋਰਿੰਡਾ ਨੂੰ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਅਤੇ ਲੰਘੀ ਸਵੇਰ ਇਲਾਜ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਉਹ ਬਨੂੜ ਵਿਚ ਦਰਜ ਇਕ ਕੇਸ ਸਬੰਧੀ 25 ਨਵੰਬਰ ਤੋਂ ਪਟਿਆਲਾ ਜੇਲ੍ਹ ’ਚ ਬੰਦ ਸੀ। ਜੇਲ੍ਹ ਸੁਪਰਡੈਂਟ ਵਰੁਣ ਸ਼ਰਮਾ ਨੇ ਮੌਤ ਦੀ ਪੁਸ਼ਟੀ ਕੀਤੀ ਹੈ।
ਇਸੇ ਤਰ੍ਹਾਂ ਇਤਲਾਹ ਮਿਲਣ ’ਤੇ ਥਾਣਾ ਸਿਵਲ ਲਾਈਨ ਪਟਿਆਲਾ ਦੇ ਐੱਸ. ਐੱਚ. ਓ. ਅੰਮ੍ਰਿਤਬੀਰ ਚਹਿਲ ਦੀ ਅਗਵਾਈ ਹੇਠ ਪੁਲਿਸ ਨੇ ਮੁੱਢਲੀ ਕਾਰਵਾਈ ਕਰਨ ਮਗਰੋਂ ਖੰਡਾ ਚੌਕ ’ਚੋਂ ਮਿਲੀ ਲਾਸ਼ ਸਰਕਾਰੀ ਰਾਜਿੰਦਰਾ ਹਸਪਤਾਲ ਪਹੁੰਚਾ ਦਿੱਤੀ। ਢਕੜੱਬਾ ’ਚੋਂ ਮਿਲੀ ਲਾਸ਼ ਵੀ ਹਸਪਤਾਲ ਪਹੁੰਚਾ ਦਿੱਤੀ ਗਈ। ਨਿਰਧਾਰਤ ਨਿਯਮਾਂ ਤਹਿਤ ਦੋਵੇਂ ਲਾਸ਼ਾਂ ਸ਼ਨਾਖ਼ਤ ਲਈ 72 ਘੰਟੇ ਇੱਥੇ ਮੁਰਦਾਘਰ ਵਿਚ ਰੱਖੀਆਂ ਜਾਣਗੀਆਂ।
ਇਸ ਵਿਚਾਲੇ ਸਿਹਤ ਮਾਹਿਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਜ਼ੁਰਗਾਂ ਅਤੇ ਬੱਚਿਆਂ ਨੂੰ ਠੰਡ ਤੋਂ ਖ਼ਾਸ ਕਰ ਕੇ ਬਚਾਉਣ ਦੀ ਲੋੜ ਹੈ। ਬਜ਼ੁਰਗ ਅਤੇ ਬੱਚਿਆਂ ਨੂੰ ਸਫ਼ਰ ‘ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਇਸ ਤੋਂ ਇਲਾਵਾ ਗਰਮ ਪੈਰਾਂ ਅਤੇ ਹੱਥਾਂ ਨੂੰ ਗਰਮ ਕੱਪੜਿਆਂ ਨਾਲ ਢੱਕ ਕੇ ਰੱਖਿਆ ਜਾਵੇ। ਜੇ ਸਿਹਤ ਸਿਹਤ ਸੰਬੰਧੀ ਕੋਈ ਸਮੱਸਿਆ ਆਵੇ ਤਾਂ ਤੁਰੰਤ ਮਾਹਰ ਡਾਕਟਰ ਦੀ ਸਲਾਹ ਲਈ ਜਾਵੇ।