ਭਾਰਤ ਦੇ ਪਹਾੜੀ ਸੂਬਿਆਂ ਜਿਵੇਂ ਹਿਮਾਚਲ ਅਤੇ ਜੰਮੂ-ਕਸ਼ਮੀਰ ਵਿੱਚ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ। ਇਸ ਦੇ ਨਾਲ ਹੀ ਪਹਾੜੀ ਸੂਬਿਆਂ ਦੇ ਨੀਵੇਂ ਇਲਾਕਿਆਂ ‘ਚ ਬਰਫ ਪਿਘਲ ਰਹੀ ਹੈ, ਜਿਸ ਦਾ ਸਿੱਧਾ ਅਸਰ ਉੱਤਰੀ ਭਾਰਤ ‘ਤੇ ਪੈ ਰਿਹਾ ਹੈ। ਦਿੱਲੀ ਐਨਸੀਆਰ ਸਮੇਤ ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਵਿੱਚ ਠੰਢੀਆਂ ਹਵਾਵਾਂ ਨੇ ਠੰਢ ਵਧਾ ਦਿੱਤੀ ਹੈ। ਦਿਨ ਭਰ ਚੱਲਣ ਵਾਲੀਆਂ ਠੰਢੀਆਂ ਹਵਾਵਾਂ ਕਾਰਨ ਮੈਦਾਨੀ ਇਲਾਕਿਆਂ ‘ਚ ਤਾਪਮਾਨ ਕਾਫ਼ੀ ਡਿੱਗ ਗਿਆ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਠੰਢੀਆਂ ਹਵਾਵਾਂ ਦਾ ਪ੍ਰਭਾਵ ਸ਼ੁੱਕਰਵਾਰ ਨੂੰ ਵੀ ਜਾਰੀ ਰਹੇਗਾ। ਦਿਨ ਵੇਲੇ ਤਾਪਮਾਨ 29 ਡਿਗਰੀ ਸੈਲਸੀਅਸ ਤੱਕ ਰਹੇਗਾ। ਰਾਤ ਦੇ ਤਾਪਮਾਨ ‘ਚ 13 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਪੱਛਮੀ ਗੜਬੜੀ ਕਾਰਨ ਉੱਤਰ ਪ੍ਰਦੇਸ਼ ਵਿੱਚ ਪਹਾੜਾਂ ਤੋਂ ਠੰਢੀਆਂ ਹਵਾਵਾਂ ਆ ਰਹੀਆਂ ਹਨ। ਇਸ ਕਾਰਨ ਆਗਰਾ, ਅਲੀਗੜ੍ਹ, ਮੇਰਠ, ਮਥੁਰਾ ਅਤੇ ਸਹਾਰਨਪੁਰ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਤਾਪਮਾਨ ਕਾਫ਼ੀ ਹੇਠਾਂ ਆ ਗਿਆ ਹੈ। ਦਿਨ-ਰਾਤ ਚੱਲ ਰਹੀਆਂ ਠੰਢੀਆਂ ਹਵਾਵਾਂ ਨੇ ਲੋਕਾਂ ਨੂੰ ਮੁੜ ਗਰਮ ਕੱਪੜੇ ਪਾਉਣ ਲਈ ਮਜਬੂਰ ਕਰ ਦਿੱਤਾ ਹੈ। ਠੰਢੀਆਂ ਹਵਾਵਾਂ ਦਾ ਦੌਰ ਸ਼ੁੱਕਰਵਾਰ ਨੂੰ ਵੀ ਜਾਰੀ ਰਹੇਗਾ।
ਪੰਜਾਬ ਤੇ ਰਾਜਸਥਾਨ ‘ਚ ਵੀ ਦਿਨ ਵੇਲੇ ਠੰਢੀਆਂ ਹਵਾਵਾਂ ਚੱਲਣ ਕਾਰਨ ਮੌਸਮ ਠੰਢਾ ਹੋ ਗਿਆ ਹੈ। ਹਾਲਾਂਕਿ, ਇੱਕ-ਦੋ ਦਿਨਾਂ ਵਿੱਚ ਜੈਪੁਰ, ਉਦੈਪੁਰ ਅਤੇ ਰਾਜਸਥਾਨ ਦੇ ਹੋਰ ਸ਼ਹਿਰਾਂ ਵਿੱਚ ਗਰਮੀ ਵਧਣੀ ਸ਼ੁਰੂ ਹੋ ਜਾਵੇਗੀ। ਇਹ ਅਨੁਮਾਨ ਮੌਸਮ ਵਿਭਾਗ ਦਾ ਹੈ। ਜਿੱਥੇ ਉੱਤਰੀ ਸੂਬਿਆਂ ਵਿੱਚ ਪਾਰਾ ਡਿੱਗ ਗਿਆ ਹੈ ਅਤੇ ਲੋਕ ਠੰਢ ਮਹਿਸੂਸ ਕਰ ਰਹੇ ਹਨ, ਉੱਥੇ ਹੀ ਮੁੰਬਈ ਸਮੇਤ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਤਾਪਮਾਨ ਵਧਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੁੰਬਈ ‘ਚ ਇਸ ਹਫ਼ਤੇ ਤੋਂ ਹੀਟਵੇਵ ਵਰਗੇ ਹਾਲਾਤ ਪੈਦਾ ਹੋਣਗੇ। ਮੌਸਮ ਵਿਭਾਗ ਦਾ ਵੀ ਇਹ ਅੰਦਾਜ਼ਾ ਹੈ।’