ਫਰੀਦਕੋਟ, 09 ਨਵੰਬਰ (ਵਿਪਨ ਮਿੱਤਲ) ਭਾਰਤ ਦੇ ਮਹਾਨ ਵਿਦਵਾਨ ਅਤੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਮਿਸ਼ਨ ਨੂੰ ਆਮ ਲੋਕਾਂ ਵਿਚ ਪਹੁੰਚਾਉਣ ਦੇ ਮੰਤਵ ਨਾਲ ਬਹੁਤ ਸਾਰੇ ਸੂਝਵਾਨ ਵਿਅਕਤੀ ਅਤੇ ਸੰਸਥਾਵਾਂ ਕੰਮ ਕਰ ਰਹੀਆਂ ਹਨ। ਇਸ ਦੇ ਨਾਲ ਹੀ ਸਮਾਜਿਕ ਅਤੇ ਆਰਥਿਕ ਤੌਰ ’ਤੇ ਪੱਛੜੇ ਲੋਕਾਂ ਨੂੰ ਉਚਾ ਚੁੱਕਣ ਲਈ ਯਤਨ ਕੀਤੇ ਜਾ ਰਹੇ ਹਨ। ਬਹੁਜਨ ਲਹਿਰ ਅਤੇ ਅੰਦੋਲਨ ਨੂੰ ਅੱਗੇ ਤੋਰਨ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ। ਇਹ ਗੱਲ ਸਪਸ਼ਟ ਹੈ ਕਿ ਵੱਖ-ਵੱਖ ਜਥੇਬੰਦੀਆਂ ਅਤੇ ਵੱਖ ਵੱਖ ਪਲੇਟਫਾਰਮਾਂ ਦੇ ਮਾਧਿਅਮ ਤੋਂ ਵਿਸ਼ਾਲ ਨਿਸ਼ਾਨਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸੰਸਥਾਵਾਂ ਇਕ ਪਲੇਟ ਫਾਰਮ ’ਤੇ ਇਕੱਤਰ ਹੋ ਕੇ ਬਹੁਜਨ ਸਮਾਜ ਦੀ ਅਸਲ ਭਲਾਈ ਕਰ ਸਕਦੀਆਂ ਹਨ। ਉਕਤ ਜਥੇਬੰਦੀਆਂ ਅਤੇ ਹੋਰਨਾਂ ਸੂਝਵਾਨ ਵਿਅਕਤੀਆਂ ਨੂੰ ਇਕ ਪਲੇਟ ਫਾਰਮ ਉਪਰ ਇਕੱਤਰ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਬਹੁਜਨ ਹਿਤੈਸ਼ੀ ਸੂਝਵਾਨ ਵਿਅਕਤੀਆਂ ਨੇ ਇਸ ਮੰਤਵ ਲਈ ਉਪਰਾਲੇ ਸ਼ੁਰੂ ਕਰ ਦਿਤੇ ਹਨ। ਇਹਨਾਂ ਮੀਟਿੰਗਾਂ ਦਾ ਸਿਲਸਿਲਾ 13 ਨਵੰਬਰ ਨੂੰ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਫਰੀਦਕੋਟ, ਸੰਗਰੂਰ, ਪਟਿਆਲਾ, ਮੁਹਾਲੀ ਅਤੇ ਚੰਡੀਗੜ੍ਹ ਤੱਕ ਜਾਰੀ ਰਹੇਗਾ। ਇਸੇ ਲੜੀ ਅਧੀਨ “ਸਮਾਜ ਜੋੜੋ ਉਪਰਾਲਾ ਮੀਟਿੰਗ” ਆਉਂਦੀ 14 ਨਵੰਬਰ ਮੰਗਲਵਾਰ ਨੂੰ ਸਥਾਨਕ ਜੈਸਮੀਨ ਹੋਟਲ ਵਿਖੇ ਆਯੋਜਿਤ ਕੀਤੀ ਜਾਵੇਗੀ। ਮੀਟਿੰਗ ਦੌਰਾਨ ਇਸ ਉਪਰਾਲੇ ਦੇ ਮੋਢੀ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋ. ਅਰੁਣ ਚੌਹਾਨ ਉੱਤਰ ਪ੍ਰਦੇਸ਼ ਦੇ ਪ੍ਰਸਿਧ ਅੰਬੇਡਕਰ ਵਾਦੀ ਸ਼ਕਤੀ ਦਾਸ, ਮੁਹਾਲੀ ਤੋਂ ਸੇਵਾ ਮੁਕਤ ਐਕਸੀਅਨ ਬਲਬੀਰ ਸਿੰਘ ਅਤੇ ਮੁਕੇਰੀਆਂ ਤੋਂ ਸੇਵਾ ਮੁਕਤ ਕਾਨੂੰਗੋ ਵਿਸ਼ੇਸ਼ ਤੌਰ ’ਤੇ ਸੰਬੋਧਨ ਕਰਨਗੇ। ਜਾਣਕਾਰੀ ਦਿੰਦੇ ਹੋਏ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਕਿਹਾ ਕਿ ਟਰੱਸਟ ਦੇ ਜਿਲ੍ਹਾ ਪ੍ਰਧਾਨ ਸੇਵਾ ਮੁਕਤ ਬੈਂਕ ਮੈਨੇਜਰ ਜਗਦੀਸ਼ ਰਾਜ ਭਾਰਤੀ ਦੀ ਅਗਵਾਈ ਹੇਠ ਹੋਣ ਵਾਲੀ ਇਸ ਮੀਟਿੰਗ ਵਿਚ ਕਈ ਬਹੁਜਨ ਹਿਤੈਸ਼ੀ ਸੂਝਵਾਨ ਵਿਅਕਤੀ ਸ਼ਾਮਲ ਹੋਣਗੇ। ਅੰਬੇਡਕਰੀ ਸੋਚ ਅਤੇ ਬਹੁਜਨ ਹਿਤੈਸ਼ੀ ਧਾਰਨਾ ਦੇ ਸੱਜਣਾ ਨੂੰ ਇਸ ਮੀਟਿੰਗ ਵਿਚ ਸ਼ਾਮਲ ਹੋਣ ਦਾ ਖੁਲਾ ਸੱਦਾ ਦਿੱਤਾ ਜਾਂਦਾ ਹੈ।