Skip to content
ਸ੍ਰੀ ਮੁਕਤਸਰ ਸਾਹਿਬ, 17 ਜਨਵਰੀ (ਪ੍ਰਬੋਧ ਸ਼ਰਮਾ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹਿਰ ਅੰਦਰ ਮਾਘੀ ਦਾ ਤਿਉਹਾਰ ਬੜੀ ਧਾਰਮਿਕ ਸ਼ਰਧਾ ਅਤੇ ਆਸਥਾ ਨਾਲ ਮਨਾਇਆ ਗਿਆ। ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤ ਨੇ ਮਾਘੀ ਮੇਲੇ ਵਿਚ ਸ਼ਿਰਕਤ ਕੀਤੀ। ਸ਼ਰਧਾਲੂਆਂ ਨੇ ਸਥਾਨਕ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਸਮੇਤ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿਖੇ ਸੀਸ ਨਿਵਾਇਆ ਅਤੇ ਪਵਿੱਤਰ ਸਰੋਵਰ ਵਿਚ ਆਸਥਾ ਦੀ ਡੁਬਕੀ ਲਗਾਈ। ਬਹੁਤ ਵੱਡੀ ਗਿਣਤੀ ਵਿਚ ਲੋਕਾਂ ਨੇ ਮੇਲਾ ਗਰਾਊਂਡ ਵਿਚ ਵੱਖ-ਵੱਖ ਤਰੀਕਿਆਂ ਨਾਲ ਅਨੰਦ ਮਾਣਿਆ। ਸੈਂਕੜਿਆਂ ਦੀ ਗਿਣਤੀ ਵਿਚ ਸ਼ਹਿਰ ਤੇ ਨੇੜਲੇ ਖੇਤਰਾਂ ਵਿਚ ਸੰਗਤਾਂ ਲਈ ਲੰਗਰ ਲਗਾਏ ਗਏ ਸਨ। ਸ਼ਹਿਰ ਅੰਦਰ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਵਿਸਥਾਰ ਪੂਰਵਕ ਰੂਟ ਪਲਾਨ ਤਿਆਰ ਕੀਤਾ ਗਿਆ ਸੀ। ਮੇਲੇ ਦੌਰਾਨ ਅਮਨ ਚੈਨ ਬਰਕਰਾਰ ਰੱਖਣ ਲਈ ਸ਼ਹਿਰ ਨੂੰ ਕਈ ਜੋਨਾਂ ਵਿਚ ਵੰਡਿਆ ਗਿਆ ਸੀ। ਪੁਲਿਸ ਦੀ ਮੁਸਤੈਦੀ ਲਈ ਵਾਚ ਟਾਵਰ ਸਥਾਪਤ ਕੀਤੇ ਗਏ ਸਨ। ਘੋੜ ਸਵਾਰ ਪੁਲੀਸ ਮੁਲਾਜ਼ਮਾ ਦੇ ਵਿਸ਼ੇਸ਼ ਦਸਤੇ ਗਸ਼ਤ ਕਰਦੇ ਰਹੇ। ਜਿਲ੍ਹਾ ਪ੍ਰਸ਼ਾਸਨ ਦੀ ਮੁਸਤੈਦੀ ਨਾਲ ਮੇਲੇ ਦੌਰਾਨ ਕੋਈ ਅਣਸੁਖਾਂਵੀ ਘਟਨਾ ਨਹੀਂ ਵਾਪਰੀ ਅਤੇ ਮੇਲਾ ਅਮਨ ਅਮਾਨ ਨਾਲ ਲੰਘ ਗਿਆ। ਜ਼ਿਲ੍ਹਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਮੇਲੇ ਸਬੰਧੀ ਉਠਾਏ ਗਏ ਸਾਰਥਿਕ ਪ੍ਰਬੰਧਾਂ ਸਦਕਾ ਸ਼ਹਿਰ ਅੰਦਰ ਕਿਤੇ ਵੀ ਕਿਸੇ ਤਰ੍ਹਾਂ ਦੀ ਗੈਰ ਸਮਾਜਿਕ ਕਾਰਵਾਈ ਦੇਖਣ ਨੂੰ ਨਹੀਂ ਮਿਲੀ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਮਾਘੀ ਮੇਲੇ ਦੇ ਵਧੀਆ ਪ੍ਰਬੰਧਾਂ ਵਾਸਤੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਆਈ.ਏ.ਐੱਸ. ਅਤੇ ਐੱਸ.ਐੱਸ.ਪੀ. ਭਾਗੀਰਥ ਸਿੰਘ ਮੀਨਾ ਆਈ.ਪੀ.ਐੱਸ. ਦੀ ਸ਼ਲਾਘਾ ਕਰਦੇ ਹੋਏ ਵਧਾਈ ਦਿਤੀ ਹੈ। ਅੱਜ ਇਥੇ ਪ੍ਰਧਾਨ ਢੋਸੀਵਾਲ ਨੇ ਕਿਹਾ ਹੈ ਕਿ ਸਮੁੱਚੇ ਜ਼ਿਲ੍ਹੇ ਨੂੰ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਦੀ ਪ੍ਰਬੰਧਕੀ ਕਾਰਜਸ਼ੈਲੀ ਉਪਰ ਮਾਣ ਹੈ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿਤੀ ਹੈ ਕਿ ਜਲਦੀ ਹੀ ਮੁਕਤਸਰ ਵਿਕਾਸ ਮਿਸ਼ਨ ਦੇ ਉੱਚ ਪੱਧਰੀ ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਧਾਈ ਦਿਤੀ ਜਾਵੇਗੀ ਅਤੇ ਸਨਮਾਨਤ ਕੀਤਾ ਜਾਵੇਗਾ।
Post Views: 2,199
Related