ਬੰਗਾਲ ਦੀ ਖਾੜੀ ‘ਚ ਪੈਦਾ ਹੋਈ ਗੜਬੜੀ ਦਾ ਅਸਰ ਦੱਖਣੀ ਸੂਬਿਆਂ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ‘ਚ ਲਗਾਤਾਰ ਹੋ ਰਹੀ ਬਾਰਿਸ਼ ਨੇ ਆਮ ਜਨਜੀਵਨ ਨੂੰ ਪਟੜੀ ਤੋਂ ਉਤਾਰ ਦਿੱਤਾ ਹੈ। ਦੋਵਾਂ ਰਾਜਾਂ ਵਿੱਚ 400 ਦੇ ਕਰੀਬ ਪਿੰਡ ਪਾਣੀ ਵਿੱਚ ਡੁੱਬ ਗਏ ਹਨ। ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਟਰਾਂਸਪੋਰਟ ਸਿਸਟਮ ਵੀ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।ਕਈ ਥਾਵਾਂ ‘ਤੇ ਪਟੜੀਆਂ ‘ਤੇ ਪਾਣੀ ਭਰ ਗਿਆ ਅਤੇ ਕਈ ਥਾਵਾਂ ‘ਤੇ ਰੇਲਵੇ ਟ੍ਰੈਕ ਹੀ ਵਹਿ ਗਿਆ। ਮੀਂਹ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ 100 ਤੋਂ ਵੱਧ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਦੂਜੇ ਪਾਸੇ ਹਜ਼ਾਰਾਂ ਹੈਕਟੇਅਰ ਫਸਲਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਬੰਗਾਲ ਦੀ ਖਾੜੀ ਵਿੱਚ ਬਣੇ ਘੱਟ ਦਬਾਅ ਦੇ ਖੇਤਰ ਕਾਰਨ ਮੌਸਮ ਨੇ ਕਰਾਰਾ ਰੂਪ ਧਾਰਨ ਕਰ ਲਿਆ ਹੈ।ਆਂਧਰਾ ਪ੍ਰਦੇਸ਼ ਦੇ ਗ੍ਰਹਿ ਮੰਤਰੀ ਵਾਂਗਲਪੁਡੀ ਅਨੀਤਾ ਨੇ ਐਤਵਾਰ ਨੂੰ ਕਿਹਾ ਕਿ ਰਾਜ ਵਿੱਚ ਪਿਛਲੇ ਦੋ ਦਿਨਾਂ ਵਿੱਚ ਭਾਰੀ ਮੀਂਹ ਕਾਰਨ 5 ਜ਼ਿਲ੍ਹਿਆਂ ਦੇ 294 ਪਿੰਡਾਂ ਤੋਂ 13,227 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਸੀਨੀਅਰ ਅਧਿਕਾਰੀਆਂ ਨਾਲ ਮੌਸਮ ਦੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਉਨ੍ਹਾਂ ਨੂੰ ਹੜ੍ਹਾਂ ਦਾ ਮੁਲਾਂਕਣ ਕਰਨ ਲਈ ਡਰੋਨ ਵਰਗੀਆਂ ਤਕਨੀਕਾਂ ਦੀ ਵਰਤੋਂ ਕਰਨ ਅਤੇ ਉਸ ਅਨੁਸਾਰ ਰਾਹਤ ਅਤੇ ਬਚਾਅ ਕਾਰਜ ਕਰਨ ਲਈ ਕਿਹਾ।ਭਾਰਤੀ ਮੌਸਮ ਵਿਭਾਗ (IMD) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉੱਤਰੀ ਆਂਧਰਾ ਪ੍ਰਦੇਸ਼ ਅਤੇ ਦੱਖਣੀ ਉੜੀਸਾ ਦੇ ਤੱਟਾਂ ‘ਤੇ ਬਣਿਆ ਦਬਾਅ ਉੱਤਰ-ਪੱਛਮ ਵੱਲ ਵਧਿਆ ਅਤੇ ਐਤਵਾਰ ਤੜਕੇ ਕਲਿੰਗਪਟਨਮ ਨੇੜੇ ਦੱਖਣੀ ਰਾਜ ਦੇ ਤੱਟ ਨੂੰ ਪਾਰ ਕਰ ਗਿਆ। ਇਸ ਕਾਰਨ ਸੂਬੇ ਵਿੱਚ ਪਿਛਲੇ ਦੋ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ।
ਹੁਣ ਤੱਕ 9 ਲੋਕਾਂ ਦੀ ਮੌਤ
ਗ੍ਰਹਿ ਮੰਤਰੀ ਵਾਂਗਲਪੁਡੀ ਅਨੀਤਾ ਨੇ ਕਿਹਾ ਕਿ ਮੀਂਹ ਪ੍ਰਭਾਵਿਤ ਖੇਤਰਾਂ ਤੋਂ ਬਾਹਰ ਕੱਢੇ ਗਏ ਲੋਕਾਂ ਲਈ ਐਨਟੀਆਰ, ਕ੍ਰਿਸ਼ਨਾ, ਬਾਪਟਲਾ, ਗੁੰਟੂਰ ਅਤੇ ਪਲਨਾਡੂ ਜ਼ਿਲ੍ਹਿਆਂ ਵਿੱਚ 100 ਰਾਹਤ ਅਤੇ ਮੁੜ ਵਸੇਬਾ ਕੇਂਦਰ ਬਣਾਏ ਗਏ ਹਨ। ਇਸ ਤੋਂ ਇਲਾਵਾ 61 ਮੈਡੀਕਲ ਕੈਂਪਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਗ੍ਰਹਿ ਮੰਤਰੀ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ।ਪੁਲਿਸ, ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਨੇ 600 ਲੋਕਾਂ ਨੂੰ ਪਾਣੀ ਵਿੱਚ ਡੁੱਬੇ ਇਲਾਕਿਆਂ ਵਿੱਚੋਂ ਬਚਾਇਆ ਹੈ। NDRF ਅਤੇ SDRF ਦੀਆਂ 17 ਟੀਮਾਂ ਨੇ ਸੱਤ ਜ਼ਿਲ੍ਹਿਆਂ ਵਿੱਚ 22 ਡੁੱਬੀਆਂ ਥਾਵਾਂ ‘ਤੇ ਬਚਾਅ ਕਾਰਜ ਕੀਤੇ। ਅਨੀਤਾ ਨੇ ਮੁੱਢਲੇ ਅਨੁਮਾਨਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਮੀਂਹ ਕਾਰਨ 62,644 ਹੈਕਟੇਅਰ ਝੋਨੇ ਦੀ ਫਸਲ ਅਤੇ 7,218 ਹੈਕਟੇਅਰ ਬਾਗ ਪਾਣੀ ਵਿਚ ਡੁੱਬ ਗਏ ਹਨ।