IPL 2024 ਦਾ ਮੈਚ ਪਿਛਲੇ ਬੁੱਧਵਾਰ ਨੂੰ ਰਾਜਸਥਾਨ ਰਾਇਲਜ਼ ਬਨਾਮ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਗਿਆ। ਇਸ ਮੈਚ ਵਿਚ ਗੁਜਰਾਤ ਟਾਈਟਨਸ ਦੇ ਕਪਤਾਨ ਸ਼ੁਭਮਨ ਗਿੱਲ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਜੈਪੁਰ ਦੇ ਸਵਾਈ ਮਾਨ ਸਿੰਘ ਕ੍ਰਿਕਟ ਸਟੇਡੀਅਮ ਵਿਚ ਸ਼ੁਭਮਨ ਗਿੱਲ ਦੇ ਬੱਲੇ ਨੇ ਕਮਾਲ ਕਰ ਦਿੱਤਾ ਅਤੇ ਉਸ ਨੇ ਟੀਮ ਲਈ ਮੈਚ ਵਿਚ ਜੇਤੂ ਪਾਰੀ ਖੇਡੀ।
ਇਸ ਮੈਚ ਵਿਚ ਗਿੱਲ ਨੇ ਰਾਜਸਥਾਨ ਵੱਲੋਂ ਦਿੱਤੇ 197 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਅਰਧ ਸੈਂਕੜਾ ਖੇਡਿਆ। ਇਸ ਪਾਰੀ ਨਾਲ ਸ਼ੁਭਮਨ ਗਿੱਲ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਇਤਿਹਾਸ ਵਿਚ ਆਪਣੀਆਂ 3000 ਦੌੜਾਂ ਪੂਰੀਆਂ ਕਰ ਲਈਆਂ ਹਨ। ਇਸ ਮੈਚ ‘ਚ ਸ਼ੁਭਮਨ ਗਿੱਲ ਨੇ ਜਿਵੇਂ ਹੀ 27 ਦੌੜਾਂ ਬਣਾਈਆਂ, ਉਨ੍ਹਾਂ ਨੇ ਆਪਣੀਆਂ 3000 IPL ਦੌੜਾਂ ਪੂਰੀਆਂ ਕਰ ਲਈਆਂ। ਇਸ ਨਾਲ ਗਿੱਲ ਆਈਪੀਐਲ ਵਿਚ ਸਭ ਤੋਂ ਤੇਜ਼ੀ ਨਾਲ 3000 ਦੌੜਾਂ ਪੂਰੀਆਂ ਕਰਨ ਵਾਲੇ ਚੌਥੇ ਬੱਲੇਬਾਜ਼ ਬਣ ਗਏ ਹਨ। ਇਸ ਤੋਂ ਇਲਾਵਾ ਉਹ ਸਭ ਤੋਂ ਤੇਜ਼ 3000 ਦੌੜਾਂ ਪੂਰੀਆਂ ਕਰਨ ਵਾਲੇ ਦੂਜੇ ਭਾਰਤੀ ਬੱਲੇਬਾਜ਼ ਬਣ ਗਏ ਹਨ।
ਇਸ ਨਾਲ ਗਿੱਲ ਸਭ ਤੋਂ ਘੱਟ ਉਮਰ ‘ਚ 3000 ਦੌੜਾਂ ਪੂਰੀਆਂ ਕਰਨ ਵਾਲੇ ਪਹਿਲੇ ਆਈ.ਪੀ.ਐੱਲ. ਗਿੱਲ ਨੇ ਇਹ ਉਪਲਬਧੀ 24 ਸਾਲ 215 ਦਿਨ ਦੀ ਉਮਰ ਵਿੱਚ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਨੇ ਇਹ ਉਪਲਬਧੀ 26 ਸਾਲ 186 ਦਿਨਾਂ ‘ਚ ਹਾਸਲ ਕੀਤੀ ਸੀ। ਅਜਿਹੇ ‘ਚ ਗਿੱਲ ਨੇ ਕੋਹਲੀ ਦਾ ਇਹ ਰਿਕਾਰਡ ਤੋੜ ਦਿੱਤਾ। ਗਿੱਲ ਨੇ ਰਾਜਸਥਾਨ ਖਿਲਾਫ਼ 44 ਗੇਂਦਾਂ ‘ਤੇ 7 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 72 ਦੌੜਾਂ ਦੀ ਪਾਰੀ ਖੇਡੀ।
ਯੁਜਵੇਂਦਰ ਚਾਹਲ ਨੇ ਉਸ ਨੂੰ ਵਿਕਟ ਦੇ ਪਿੱਛੇ ਸੰਜੂ ਸੈਮਸਨ ਹੱਥੋਂ ਕੈਚ ਆਊਟ ਕਰਵਾਇਆ। ਗਿੱਲ ਨੇ ਹੁਣ ਤੱਕ 97 ਮੈਚਾਂ ਦੀਆਂ 94 ਪਾਰੀਆਂ ਵਿਚ 3054 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 3 ਸੈਂਕੜੇ ਅਤੇ 20 ਅਰਧ ਸੈਂਕੜੇ ਵੀ ਲਗਾਏ ਹਨ। ਉਸਦੀ ਔਸਤ 38.2 ਅਤੇ ਸਟ੍ਰਾਈਕ ਰੇਟ 134.7 ਹੈ। ਇਸ ਦੌਰਾਨ ਉਸ ਦਾ ਸਰਵੋਤਮ ਸਕੋਰ 129 ਰਿਹਾ।
ਗਿੱਲ ਦੀ ਇਸ ਪਾਰੀ ਦੀ ਬਦੌਲਤ ਗੁਜਰਾਤ ਦੀ ਟੀਮ ਨੇ ਰਾਜਸਥਾਨ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਗੁਜਰਾਤ ਟਾਈਟਨਸ ਟੀਮ IPL 2024 ਵਿਚ ਰਾਜਸਥਾਨ ਰਾਇਲਜ਼ ਨੂੰ ਪਹਿਲੀ ਪਾਰੀ ਵਿਚ ਹਰਾਉਣ ਵਾਲੀ ਪਹਿਲੀ ਟੀਮ ਬਣ ਗਈ ਹੈ। ਹੁਣ ਤੱਕ ਕੋਈ ਵੀ ਟੀਮ ਰਾਜਸਥਾਨ ਨੂੰ ਹਰਾ ਨਹੀਂ ਸਕੀ ਸੀ। ਰਾਜਸਥਾਨ ਦੀ ਇਸ ਸੀਜ਼ਨ ਦੀ ਇਹ ਪਹਿਲੀ ਹਾਰ ਅਤੇ ਗੁਜਰਾਤ ਦੀ ਤੀਜੀ ਜਿੱਤ ਹੈ।