ਪੰਜਾਬ, ਹਰਿਆਣਾ, ਦਿੱਲੀ ਅਤੇ ਜੰਮੂ-ਕਸ਼ਮੀ ’ਚ ਸ਼ੁਕਰਵਾਰ ਨੂੰ ਸੰਘਣੀ ਧੁੰਦ ਛਾਈ ਰਹੀ, ਜਦਕਿ ਖੇਤਰ ’ਚ ਘੱਟੋ-ਘੱਟ ਤਾਪਮਾਨ ਆਮ ਹੱਦ ਦੇ ਨੇੜੇ ਰਿਹਾ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਉੱਪਰ ਭਾਰਤ ਦੇ ਵੱਡੇ ਹਿੱਸੇ ਪਿਛਲੇ ਕੁੱਝ ਦਿਨਾਂ ਤੋਂ ਸੰਘਣੀ ਧੁੰਦ ਦੀ ਲਪੇਟ ’ਚ ਹਨ, ਜਿਸ ਕਾਰਨ ਜ਼ਿਆਦਾਤਰ ਥਾਵਾਂ ’ਤੇ ਧੁੰਦ ਵਿਚਕਾਰ ਦਿਸਣ ਦੀ ਦੂਰੀ ਘੱਟ ਗਈ ਹੈ।

ਚੰਡੀਗੜ੍ਹ ’ਚ ਸਵੇਰੇ ਸੰਘਣੀ ਧੁੰਦ ਰਹੀ ਅਤੇ ਘੱਟੋ-ਘੱਟ ਤਾਪਮਾਨ 10.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਤਿੰਨ ਡਿਗਰੀ ਵੱਧ ਹੈ। ਉਨ੍ਹਾਂ ਕਿਹਾ ਕਿ ਦੋਹਾਂ ਸੂਬਿਆਂ ’ਚ ਜ਼ਿਆਦਾਤਰ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ਆਮ ਦੇ ਨੇੜੇ ਰਿਹਾ। ਦਿੱਲੀ ’ਚ ਧੁੰਦ ਕਾਰਨ ਦਿਸਣ ਹੱਦ ਪ੍ਰਭਾਵਤ ਹੋਣ ਨਾਲ ਸ਼ੁਕਰਵਾਰ ਨੂੰ ਦਿੱਲੀ ਹਵਾਈ ਅੱਡੇ ’ਤੇ 400 ਤੋਂ ਵੱਧ ਉਡਾਨਾਂ ਦੇ ਚੱਲਣ ’ਚ ਦੇਰੀ ਹੋਈ। ਪਰ ਕਿਸੇ ਦਾ ਰਾਹ ਨਹੀਂ ਬਦਲਿਆ ਗਿਆ। ਰਾਜਧਾਨੀ ਦੇ ਕਈ ਇਲਾਕਿਆਂ ’ਚ ਦਿਸਣ ਹੱਦ ਘਟ ਕੇ ਸਿਫ਼ਰ ਹੋ ਗਈ। ਦੂਜੇ ਪਾਸੇ ਸ੍ਰੀਨਗਰ ’ਚ ਵੀ ਦਿਸਣ ਹੱਦ 300 ਮੀਟਰ ਦੇ ਲਗਭਗ ਰਹਿ ਜਾਣ ਕਾਰਨ ਉਡਾਨਾਂ ਪ੍ਰਭਾਵਤ ਰਹੀਆਂ।
ਹਰਿਆਣਾ ਦੇ ਅੰਬਾਲਾ ’ਚ ਘੱਟੋ-ਘੱਟ ਤਾਪਮਾਨ 10.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਕਰਨਾਲ ’ਚ ਘੱਟੋ-ਘੱਟ ਤਾਪਮਾਨ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰੋਹਤਕ ’ਚ ਘੱਟੋ-ਘੱਟ ਤਾਪਮਾਨ 9.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਨਾਰਨੌਲ ਅਤੇ ਹਿਸਾਰ ’ਚ ਘੱਟੋ ਘੱਟ ਤਾਪਮਾਨ ਕ੍ਰਮਵਾਰ 4.2 ਡਿਗਰੀ ਸੈਲਸੀਅਸ ਅਤੇ 5.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਨੇ ਦਸਿਆ ਕਿ ਪੰਜਾਬ ਦੇ ਅੰਮ੍ਰਿਤਸਰ ’ਚ ਘੱਟੋ-ਘੱਟ ਤਾਪਮਾਨ 7.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਤਿੰਨ ਡਿਗਰੀ ਵੱਧ ਹੈ, ਇਸ ਤੋਂ ਬਾਅਦ ਲੁਧਿਆਣਾ ’ਚ 8.4 ਡਿਗਰੀ ਸੈਲਸੀਅਸ, ਪਟਿਆਲਾ ’ਚ 8.2 ਡਿਗਰੀ ਸੈਲਸੀਅਸ, ਫਰੀਦਕੋਟ ’ਚ 6.8 ਡਿਗਰੀ ਸੈਲਸੀਅਸ ਅਤੇ ਬਰਨਾਲਾ ’ਚ 7.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਸ੍ਰੀ ਅਨੰਦਪੁਰ ਸਾਹਿਬ ’ਚ ਘੱਟੋ-ਘੱਟ ਤਾਪਮਾਨ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਬਠਿੰਡਾ ਅਤੇ ਗੁਰਦਾਸਪੁਰ ’ਚ ਘੱਟੋ-ਘੱਟ ਤਾਪਮਾਨ ਪੰਜ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ ਜ਼ਿਆਦਾਤਰ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ਆਮ ਦੇ ਨੇੜੇ ਰਿਹਾ, ਪਰ ਦਿਨ ਦਾ ਤਾਪਮਾਨ ਘੱਟ ਗਿਆ ਹੈ ਅਤੇ ਪਿਛਲੇ ਕੁੱਝ ਦਿਨਾਂ ਤੋਂ ਇਹ 12 ਤੋਂ 16 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ ਹੈ।